- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਿਰੋਜ਼ਪੁਰ ਮੰਡਲ ਦੇ 27 ਸੇਵਾਮੁਕਤ ਰੇਲ ਮੁਲਾਜ਼ਮਾਂ ਨੂੰ ਮਿਲੀ 10.49 ਕਰੋੜ ਰੁਪਏ ਦੀ ਰਾਸ਼ੀ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਿਚ ਮਈ 2026 ਦੌਰਾਨ ਸੇਵਾਮੁਕਤ ਹੋਏ 27 ਰੇਲ ਕਰਮਚਾਰੀਆਂ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੰਡਲ ਰੇਲ ਪ੍ਰਬੰਧਕ ਡੀਆਰਐੱਮ ਸੰਜੀਵ ਕੁਮਾਰ ਵੱਲੋਂ ਸਾਰੇ ਸੇਵਾਮੁਕਤ ਮੁਲਾਜ਼ਮਾਂ ਨੂੰ ਕੁੱਲ 10.49 ਕਰੋੜ ਰੁਪਏ ਤੋਂ ਵੱਧ ਦੀ ਸੇਵਾਮੁਕਤੀ ਰਾਸ਼ੀ ਦੇ ਭੁਗਤਾਨ ਸੌਂਪੇ ਗਏ। ਰੇਲਵੇ ਵਿਭਾਗ ਦੇ ਨਿਯਮਾਂ ਅਨੁਸਾਰ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਕਰਮਚਾਰੀਆਂ ਨੂੰ ਛੇ ਵੱਖ-ਵੱਖ ਤਰ੍ਹਾਂ ਦੇ ਵਿੱਤੀ ਭੁਗਤਾਨ ਕੀਤੇ ਜਾਂਦੇ ਹਨ। ਇਨ੍ਹਾਂ ਵਿਚ ਪੈਨਸ਼ਨ ਪੇਮੈਂਟ ਆਰਡਰ, ਗ੍ਰੈਚੂਟੀ, ਕੰਮਿਊਟੇਸ਼ਨ, ਲੀਵ ਇਨਕੈਸ਼ਮੈਂਟ, ਗਰੁੱਪ ਇੰਸ਼ੋਰੈਂਸ ਸਕੀਮ ਅਤੇ ਪ੍ਰੋਵੀਡੈਂਟ ਫੰਡ ਸ਼ਾਮਲ ਹਨ। ਸਮਾਗਮ ਦੌਰਾਨ ਇਹ ਸਾਰੇ ਲਾਭ ਪੂਰੀ ਪਾਰਦਰਸ਼ਤਾ ਨਾਲ ਮੁਲਾਜ਼ਮਾਂ ਨੂੰ ਦਿੱਤੇ ਗਏ। ਇਸ ਵਿਸ਼ੇਸ਼ ਮੌਕੇ ’ਤੇ ਸੇਵਾਮੁਕਤ ਹੋ ਰਹੇ ਰੇਲ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਉਨ੍ਹਾਂ ਵੱਲੋਂ ਭਾਰਤੀ ਰੇਲਵੇ ਨੂੰ ਦਿੱਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਦਿਲੋਂ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਸਾਰੇ ਮੁਲਾਜ਼ਮਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਕਿਹਾ ਕਿ ਰੇਲਵੇ ਹਮੇਸ਼ਾ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਰਿਣੀ ਰਹੇਗਾ। ਡੀਆਰਐੱਮ ਨੇ ਸ਼ੁਭਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਸਾਰਿਆਂ ਦਾ ਆਉਣ ਵਾਲਾ ਜੀਵਨ ਸਿਹਤਮੰਦ, ਖੁਸ਼ਹਾਲ ਅਤੇ ਖੁਸ਼ੀਆਂ ਭਰਿਆ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਸਲਾਹ ਦਿੰਦਿਆਂ ਕਿਹਾ ਕਿ ਸੇਵਾਮੁਕਤੀ ਦੌਰਾਨ ਮਿਲੀ ਇਸ ਮਿਹਨਤ ਦੀ ਕਮਾਈ ਦੀ ਵਰਤੋਂ ਬਹੁਤ ਹੀ ਸੋਚ-ਸਮਝ ਕੇ ਅਤੇ ਯੋਜਨਾਬੱਧ ਤਰੀਕੇ ਨਾਲ ਕੀਤੀ ਜਾਵੇ। ਉਨ੍ਹਾਂ ਸਾਰਿਆਂ ਨੂੰ ਆਪਣੀ ਰੁਚੀ ਅਨੁਸਾਰ ਕਿਸੇ ਨਾ ਕਿਸੇ ਰਚਨਾਤਮਕ ਕੰਮ ਵਿੱਚ ਖੁਦ ਨੂੰ ਰੁੱਝੇ ਰੱਖਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਤੌਰ ’ਤੇ ਹਮੇਸ਼ਾ ਤੰਦਰੁਸਤ ਰਹਿ ਸਕਣ। ਸਮਾਗਮ ਦੌਰਾਨ ਸੀਨੀਅਰ ਮੰਡਲ ਕਾਰਮਿਕ ਅਧਿਕਾਰੀ ਸਾਕਸ਼ੀ ਸਿੰਘ ਨੇ ਵੀ ਸਾਰੇ ਸੇਵਾਮੁਕਤ ਕਰਮਚਾਰੀਆਂ ਨੂੰ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਸੁਚੇਤ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਵੱਧ ਰਹੇ ਸਾਈਬਰ ਅਪਰਾਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਸੇਵਾਮੁਕਤ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਈਬਰ ਠੱਗਾਂ ਤੋਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਸਖ਼ਤ ਸਲਾਹ ਦਿੱਤੀ ਕਿ ਆਪਣੀ ਨੌਕਰੀ ਅਤੇ ਸੇਵਾਮੁਕਤੀ ਨਾਲ ਸਬੰਧਤ ਕੋਈ ਵੀ ਮਹੱਤਵਪੂਰਨ ਦਸਤਾਵੇਜ਼, ਬੈਂਕ ਖਾਤੇ ਦੇ ਵੇਰਵੇ ਜਾਂ ਓਟੀਪੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕੀਤਾ ਜਾਵੇ। ਉਨ੍ਹਾਂ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਭਵਿੱਖ ਵਿਚ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੱਦਦ, ਸਮੱਸਿਆ ਜਾਂ ਮਾਰਗਦਰਸ਼ਨ ਦੀ ਲੋੜ ਪੈਂਦੀ ਹੈ, ਤਾਂ ਰੇਲਵੇ ਦੀ ਕਾਰਮਿਕ ਸ਼ਾਖਾ ਉਨ੍ਹਾਂ ਦੀ ਸੇਵਾ ਅਤੇ ਸਹਾਇਤਾ ਲਈ ਹਮੇਸ਼ਾ ਤਿਆਰ ਹੈ। ਇਸ ਪ੍ਰਭਾਵਸ਼ਾਲੀ ਅਤੇ ਸਨਮਾਨਜਨਕ ਸਮਾਗਮ ਵਿਚ ਰੇਲਵੇ ਦੇ ਕਈ ਉੱਚ ਅਧਿਕਾਰੀ ਹਾਜ਼ਰ ਸਨ, ਜਿਨ੍ਹਾਂ ਵਿਚ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ, ਸੀਨੀਅਰ ਮੰਡਲ ਕਾਰਮਿਕ ਅਧਿਕਾਰੀ ਸਾਕਸ਼ੀ ਸਿੰਘ, ਸੀਨੀਅਰ ਮੰਡਲ ਇੰਜੀਨੀਅਰ (ਤਾਲਮੇਲ) ਸੁਮਿਤ ਖੁੱਲਰ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ ਅਤੇ ਸੀਨੀਅਰ ਮੰਡਲ ਵਿੱਤ ਪ੍ਰਬੰਧਕ ਰਾਹੁਲ ਦੇਵ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਰਹੇ।