ਯੂਕੇ ਗਏ 26 ਸਾਲਾ ਨੌਜਵਾਨ ਸਹਿਜਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਯੂਕੇ ਗਏ ਫਿਰੋਜ਼ਪੁਰ ਦੇ 26 ਸਾਲਾ ਨੌਜਵਾਨ ਸਹਿਜਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Publish Date: Thu, 09 Jul 2026 03:58 PM (IST)
Updated Date: Thu, 09 Jul 2026 04:00 PM (IST)
- ਪੜ੍ਹਾਈ ਪੂਰੀ ਕਰ ਕੇ ਵਰਕ ਪਰਮਿਟ ’ਤੇ ਕਰ ਰਿਹਾ ਸੀ ਕੰਮ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ - ਇਕਲੌਤੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪੀੜਤ ਮਾਪਿਆਂ ਨੇ ਸਰਕਾਰ ਅੱਗੇ ਲਗਾਈ ਗੁਹਾਰ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੇ ਇੱਕ ਹੋਰ ਹੱਸਦੇ-ਖੇਡਦੇ ਪੰਜਾਬੀ ਪਰਿਵਾਰ ਦੇ ਚਿਰਾਗ ਨੂੰ ਬੁਝਾ ਦਿੱਤਾ ਹੈ। ਤਾਜ਼ਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੂਬਾ ਕਦੀਮ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦਾ 26 ਸਾਲਾ ਨੌਜਵਾਨ ਸਹਿਜਦੀਪ ਸਿੰਘ ਯੂਕੇ ਵਿਚ ਅਚਾਨਕ ਸਾਈਲੈਂਟ ਅਟੈਕ (ਦਿਲ ਦਾ ਦੌਰਾ) ਪੈਣ ਕਾਰਨ ਅਕਾਲ ਚਲਾਣਾ ਕਰ ਗਿਆ ਹੈ। ਇਸ ਦੁਖਦਾਈ ਖਬਰ ਤੋਂ ਬਾਅਦ ਇਲਾਕੇ ਅਤੇ ਪੀੜਤ ਪਰਿਵਾਰ ਵਿਚ ਗ਼ਮ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਅਮਨਦੀਪ ਕੌਰ ਨੇ ਬੇਹੱਦ ਭਰੇ ਮਨ ਅਤੇ ਅੱਖਾਂ ਵਿਚ ਹੰਝੂ ਲੈ ਕੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸਹਿਜਦੀਪ ਸਿੰਘ 21 ਸਾਲ ਦੀ ਉਮਰ ਵਿਚ ਉੱਚ ਸਿੱਖਿਆ ਹਾਸਲ ਕਰਨ ਲਈ ਯੂਕੇ (ਇੰਗਲੈਂਡ) ਗਿਆ ਸੀ। ਉੱਥੇ ਸਖ਼ਤ ਮਿਹਨਤ ਕਰ ਕੇ ਉਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਅੱਜ ਕੱਲ੍ਹ ਉਹ ਵਰਕ ਪਰਮਿਟ ’ਤੇ ਲੰਡਨ ਵਿੱਚ ਕੰਮ ਕਰ ਰਿਹਾ ਸੀ। ਮਾਤਾ ਨੇ ਰੋਂਦਿਆਂ ਕਿਹਾ ਕਿ ਉਹ ਉਸ ਦਾ ਇਕਲੌਤਾ ਸਹਾਰਾ ਸੀ। ਅਸੀਂ ਬਹੁਤ ਚਾਵਾਂ ਅਤੇ ਉਮੀਦਾਂ ਨਾਲ ਉਸ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸੀ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ ਤੋਂ ਫੋਨ ਰਾਹੀਂ ਸੂਚਨਾ ਮਿਲੀ ਕਿ ਸਹਿਜਦੀਪ ਇੱਕ ਪਾਰਕ ਵਿੱਚ ਮੌਜੂਦ ਸੀ, ਜਿੱਥੇ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਹ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਦੂਜੇ ਪਾਸੇ ਮ੍ਰਿਤਕ ਦੇ ਚਚੇਰੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਵੀਰ ਸਿੰਘ ਦਾ ਪੁੱਤਰ ਸਹਿਜਦੀਪ ਸਿੰਘ ਬਹੁਤ ਹੀ ਮਿਲਣਸਾਰ, ਨੇਕ ਦਿਲ ਅਤੇ ਚੰਗੇ ਸੁਭਾਅ ਦਾ ਮਾਲਕ ਸੀ। ਪਰਿਵਾਰ ਅਤੇ ਰਿਸ਼ਤੇਦਾਰੀ ਵਿੱਚ ਹਰ ਕੋਈ ਉਸ ਦੇ ਵਿਹਾਰ ਦੀ ਤਾਰੀਫ਼ ਕਰਦਾ ਸੀ। ਲੰਡਨ ਤੋਂ ਆਏ ਇੱਕ ਫੋਨ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਪਰਿਵਾਰ ’ਤੇ ਟੁੱਟੇ ਇਸ ਕਹਿਰ ਦਰਮਿਆਨ, ਬਜ਼ੁਰਗ ਮਾਪਿਆਂ ਕੋਲ ਹੁਣ ਆਪਣੇ ਪੁੱਤਰ ਦੇ ਅੰਤਿਮ ਦਰਸ਼ਨਾਂ ਦੀ ਹੀ ਆਖਰੀ ਉਮੀਦ ਬਾਕੀ ਰਹਿ ਗਈ ਹੈ। ਪੀੜਤ ਮਾਤਾ ਅਮਨਦੀਪ ਕੌਰ ਅਤੇ ਭਰਾ ਰਣਜੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਇਸ ਮੁਸ਼ਕਲ ਘੜੀ ਵਿੱਚ ਮਦਦ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਪ੍ਰਸ਼ਾਸਨਿਕ ਅਤੇ ਰਾਜਦੂਤ ਪੱਧਰ ’ਤੇ ਕਾਰਵਾਈ ਕਰ ਕੇ ਉਨ੍ਹਾਂ ਦੇ ਪੁੱਤਰ ਸਹਿਜਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ (ਉਸ ਦੇ ਜੱਦੀ ਪਿੰਡ) ਲਿਆਉਣ ਦੇ ਪ੍ਰਬੰਧ ਕਰੇ, ਤਾਂ ਜੋ ਪਰਿਵਾਰ ਆਪਣੇ ਹੱਥਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਸਕੇ।