UK ਗਏ ਫਿਰੋਜ਼ਪੁਰ ਦੇ 26 ਸਾਲਾ ਨੌਜਵਾਨ ਸਹਿਜਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੇ ਇੱਕ ਹੋਰ ਹੱਸਦੇ-ਖੇਡਦੇ ਪੰਜਾਬੀ ਪਰਿਵਾਰ ਦੇ ਚਿਰਾਗ ਨੂੰ ਬੁਝਾ ਦਿੱਤਾ ਹੈ। ਤਾਜ਼ਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੂਬਾ ਕਦੀਮ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦਾ 26 ਸਾਲਾ ਨੌਜਵਾਨ ਸਹਿਜਦੀਪ ਸਿੰਘ ਯੂ.ਕੇ. ’ਚ ਅਚਾਨਕ ਸਾਈਲੈਂਟ ਅਟੈਕ (ਦਿਲ ਦਾ ਦੌਰਾ ) ਪੈਣ ਕਾਰਨ ਅਕਾਲ ਚਲਾਣਾ ਕਰ ਗਿਆ ਹੈ।
Publish Date: Thu, 09 Jul 2026 01:02 PM (IST)
Updated Date: Thu, 09 Jul 2026 01:07 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ। ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੇ ਇੱਕ ਹੋਰ ਹੱਸਦੇ-ਖੇਡਦੇ ਪੰਜਾਬੀ ਪਰਿਵਾਰ ਦੇ ਚਿਰਾਗ ਨੂੰ ਬੁਝਾ ਦਿੱਤਾ ਹੈ। ਤਾਜ਼ਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੂਬਾ ਕਦੀਮ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦਾ 26 ਸਾਲਾ ਨੌਜਵਾਨ ਸਹਿਜਦੀਪ ਸਿੰਘ ਯੂ.ਕੇ. ’ਚ ਅਚਾਨਕ ਸਾਈਲੈਂਟ ਅਟੈਕ (ਦਿਲ ਦਾ ਦੌਰਾ ) ਪੈਣ ਕਾਰਨ ਅਕਾਲ ਚਲਾਣਾ ਕਰ ਗਿਆ ਹੈ।
ਇਸ ਦੁਖਦਾਈ ਖ਼ਬਰ ਤੋਂ ਬਾਅਦ ਇਲਾਕੇ ਅਤੇ ਪੀੜਤ ਪਰਿਵਾਰ ਵਿੱਚ ਗ਼ਮ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਅਮਨਦੀਪ ਕੌਰ ਨੇ ਬੇਹੱਦ ਭਰੇ ਮਨ ਅਤੇ ਅੱਖਾਂ ਵਿੱਚ ਹੰਝੂ ਲੈ ਕੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸਹਿਜਦੀਪ ਸਿੰਘ 21 ਸਾਲ ਦੀ ਉਮਰ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਯੂ.ਕੇ. (ਇੰਗਲੈਂਡ) ਗਿਆ ਸੀ।
ਉੱਥੇ ਸਖ਼ਤ ਮਿਹਨਤ ਕਰਕੇ ਉਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਅੱਜ-ਕੱਲ੍ਹ ਉਹ ਵਰਕ ਪਰਮਿਟ ’ਤੇ ਲੰਡਨ ’ਚ ਕੰਮ ਕਰ ਰਿਹਾ ਸੀ। ਮਾਤਾ ਨੇ ਰੋਂਦਿਆਂ ਹੋਇਆ ਕਿਹਾ ਕਿ ਉਹ ਮੇਰਾ ਇਕਲੌਤਾ ਸਹਾਰਾ ਸੀ । ਅਸੀਂ ਬਹੁਤ ਚਾਵਾਂ ਅਤੇ ਉਮੀਦਾਂ ਨਾਲ ਉਸ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ ਤੋਂ ਫੋਨ ਰਾਹੀਂ ਸੂਚਨਾ ਮਿਲੀ ਕਿ ਸਹਿਜਦੀਪ ਇੱਕ ਪਾਰਕ ’ਚ ਮੌਜੂਦ ਸੀ, ਜਿੱਥੇ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਹ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਦੂਜੇ ਪਾਸੇ ਮ੍ਰਿਤਕ ਦੇ ਚਚੇਰੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਵੀਰ ਸਿੰਘ ਦਾ ਸਪੁੱਤਰ ਸਹਿਜਦੀਪ ਸਿੰਘ ਬਹੁਤ ਹੀ ਮਿਲਣਸਾਰ, ਨੇਕ ਦਿਲ ਅਤੇ ਚੰਗੇ ਸੁਭਾਅ ਦਾ ਮਾਲਕ ਸੀ।
ਪਰਿਵਾਰ ਅਤੇ ਰਿਸ਼ਤੇਦਾਰੀ ਵਿੱਚ ਹਰ ਕੋਈ ਉਸ ਦੇ ਵਿਹਾਰ ਦੀ ਤਾਰੀਫ਼ ਕਰਦਾ ਸੀ। ਲੰਡਨ ਤੋਂ ਆਏ ਇੱਕ ਫੋਨ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ।
ਪਰਿਵਾਰ ’ਤੇ ਟੁੱਟੇ ਇਸ ਕਹਿਰ ਦਰਮਿਆਨ, ਬਜ਼ੁਰਗ ਮਾਪਿਆਂ ਕੋਲ ਹੁਣ ਆਪਣੇ ਪੁੱਤਰ ਦੇ ਅੰਤਿਮ ਦਰਸ਼ਨਾਂ ਦੀ ਹੀ ਆਖਰੀ ਉਮੀਦ ਬਾਕੀ ਰਹਿ ਗਈ ਹੈ। ਪੀੜਤ ਮਾਤਾ ਅਮਨਦੀਪ ਕੌਰ ਅਤੇ ਭਰਾ ਰਣਜੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਇਸ ਮੁਸ਼ਕਲ ਘੜੀ ਵਿੱਚ ਮੱਦਦ ਕੀਤੀ ਜਾਵੇ।
ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਪ੍ਰਸ਼ਾਸਨਿਕ ਅਤੇ ਰਾਜਦੂਤ ਪੱਧਰ ’ਤੇ ਕਾਰਵਾਈ ਕਰਕੇ ਉਨ੍ਹਾਂ ਦੇ ਪੁੱਤਰ ਸਹਿਜਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ (ਉਸ ਦੇ ਜੱਦੀ ਪਿੰਡ) ਲਿਆਉਣ ਦੇ ਪ੍ਰਬੰਧ ਕਰੇ ਤਾਂ ਜੋ ਪਰਿਵਾਰ ਆਪਣੇ ਹੱਥਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਸਕੇ।