ਜ਼ਿਲ੍ਹਾ ਫਿਰੋਜ਼ਪੁਰ ਦੀਆਂ 2 ਵਿਦਿਆਰਥਣਾਂ ਨੇ ਚਮਕਾਇਆ ਨਾਮ
ਜ਼ਿਲ੍ਹਾ ਫਿਰੋਜ਼ਪੁਰ ਦੀਆਂ 2 ਹੋਣਹਾਰ ਵਿਦਿਆਰਥਣਾਂ ਨੇ ਸੂਬੇ ਅਤੇ ਦੇਸ਼ ਪੱਧਰ ‘ਤੇ ਚਮਕਾਇਆ ਨਾਮ
Publish Date: Wed, 17 Jun 2026 05:17 PM (IST)
Updated Date: Wed, 17 Jun 2026 05:18 PM (IST)

ਪਰਮਿੰਦਰ ਸਿੰਘ ਥਿਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ (ਆਈਏਐੱਸ) ਵੱਲੋਂ ਜ਼ਿਲ੍ਹੇ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਜਸ਼ਨਦੀਪ ਕੌਰ ਅਤੇ ਅਨਮੋਲਪ੍ਰੀਤ ਕੌਰ ਦੀਆਂ ਸਿਖਿਆ ਦੇ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਨ੍ਹਾਂ ਵਿਦਿਆਰਥਣਾਂ ਦੀ ਹੌਂਸਲਾ ਅਫਜਾਈ ਵਾਸਤੇ ਇਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਸਤਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿੰਦਗੀ ਵਿਚ ਸਕਾਰਾਤਮਕ ਸੋਚ ਅਪਣਾਉਣ ਅਤੇ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ ਦੀ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰੀ ਕਰਮਪਾਲ ਸਿੰਘ ਨੇ ਜੇਈਈ ਮੇਨਜ਼ ਅਤੇ ਜੇਈਈ ਐਡਵਾਂਸਡ ਪ੍ਰੀਖਿਆਵਾਂ ਸਫਲਤਾਪੂਰਵਕ ਪਾਸ ਕਰਕੇ ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ) ਦਿੱਲੀ ਵਿਚ ਦਾਖਲਾ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਨਾਲ ਸਕੂਲ, ਪਰਿਵਾਰ ਅਤੇ ਪੂਰੇ ਜ਼ਿਲ੍ਹੇ ਦਾ ਮਾਣ ਵਧਿਆ ਹੈ। ਇਸੇ ਤਰ੍ਹਾਂ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜ਼ੀਰਾ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ, ਜੋ ਇਸ ਸਮੇਂ ਬਾਰ੍ਹਵੀਂ ਜਮਾਤ (ਸਾਇੰਸ ਸਟਰੀਮ) ਦੀ ਵਿਦਿਆਰਥਣ ਹੈ, ਨੇ ਆਪਣੀ ਵਿਲੱਖਣ ਅਕਾਦਮਿਕ ਯੋਗਤਾ ਨਾਲ ਲਗਾਤਾਰ ਨਵੀਆਂ ਕਾਮਯਾਬੀਆਂ ਪ੍ਰਾਪਤ ਕੀਤੀਆਂ ਹਨ, ਇਸ ਨੇ ਅੱਠਵੀਂ ਜਮਾਤ ਦੀ ਮੈਰਿਟ ਸੂਚੀ, ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕੀਤਾ ਸੀ। ਇਸ ਤੋਂ ਇਲਾਵਾ, ਉਸਨੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ (ਐੱਨਐੱਮਐੱਮਐੱਸ) ਪ੍ਰੀਖਿਆ ਵਿਚ ਪੰਜਾਬ ਭਰ ਵਿਚ ਦੂਜਾ ਅਤੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਅਨਮੋਲਪ੍ਰੀਤ ਦੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਉਸਦੀ ਚੋਣ ਜਾਪਾਨ ਦੇ ਸਾਕੂਰਾ ਹਾਈ ਸਕੂਲ ਪ੍ਰੋਗਰਾਮ ਲਈ ਕੀਤੀ ਗਈ। ਇਸ ਤਹਿਤ ਉਹ 24 ਮਈ ਤੋਂ 31 ਮਈ ਤੱਕ ਜਾਪਾਨ ਵਿੱਚ ਆਯੋਜਿਤ ਗਿਆਨ ਵਟਾਂਦਰਾ (ਨਾਲੇਜ ਐਕਸਚੇਂਜ) ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਵਾਪਸ ਪਰਤੀ ਹੈ, ਇਸ ਵਿਲੱਖਣ ਪ੍ਰਾਪਤੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਨਮਾਨ ਸਮਾਰੋਹ ਦੌਰਾਨ ਪ੍ਰਿੰਸੀਪਲ ਰਾਕੇਸ਼ ਸ਼ਰਮਾ ਡੀਐਸਐਮ, ਪ੍ਰਿੰਸੀਪਲ ਸੁਖਵਿੰਦਰ ਸਿੰਘ, ਇੰਚਾਰਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ ਹਿੱਤਪਾਲ ਸਿੰਘ, ਗਾਈਡ ਅਧਿਆਪਕ ਗੁਰਸੇਵਕ ਸਿੰਘ ਸਾਇੰਸ ਮਾਸਟਰ, ਬੀਆਰਸੀ ਗੁਰਪ੍ਰੀਤ ਸਿੰਘ, ਬੀਆਰਸੀ ਗੁਰਦੇਵ ਸਿੰਘ, ਬੀਆਰਸੀ ਸੰਦੀਪ ਕੁਮਾਰ, ਸਟੈਨੋ ਸੁਖਚੈਨ ਸਿੰਘ ਆਦਿ ਵੀ ਹਾਜ਼ਰ ਸਨ।