ਕੈਂਟ ਬੋਰਡ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਮਨਾਇਆ ਗਿਆ ਯੋਗ ਦਿਵਸ
ਕੈਂਟ ਬੋਰਡ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਮਨਾਇਆ ਗਿਆ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ
Publish Date: Sun, 21 Jun 2026 04:22 PM (IST)
Updated Date: Mon, 22 Jun 2026 04:03 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਡਾਇਰੈਕਟੋਰੇਟ ਆਫ ਆਯੁਰਵੈਦਾ, ਪੰਜਾਬ ਵੱਲੋਂ ਆਯੂਸ਼ ਮੰਤਰਾਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਯੋਗ ਦਿਵਸ ਦਾ ਆਯੋਜਨ ਕੈਂਟ ਬੋਰਡ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਕੀਤਾ ਗਿਆ। ਇਸ ਸਾਲ ਦੇ ਯੋਗ ਦਿਵਸ ਦਾ ਥੀਮ ‘‘ਸਿਹਤਮੰਦ ਉਮਰ ਲਈ ਯੋਗ’’ ਸੀ। ਇਸ ਯੋਗ ਦਿਵਸ ਮੌਕੇ ਵਿਧਾਇਕ ਗੁਰੂਹਰਸਹਾਏ ਫੌਜ਼ਾ ਸਿੰਘ ਸਰਾਰੀ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਦੇ ਧਰਮ ਪਤਨੀ ਡਾ. ਅਮਨਦੀਪ ਕੌਰ ਗੋਸਲ, ਸਹਾਇਕ ਕਮਿਸ਼ਨਰ ਹਿਮਾਂਸ਼ੂ ਆਈਏਐੱਸ ਅਤੇ ਐੱਸਡੀਐੱਮ ਫਿਰੋਜ਼ਪੁਰ ਅਭਿਸ਼ੇਕ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਵਿਧਾਇਕ ਵਿਧਾਇਕ ਗੁਰੂਹਰਸਹਾਏ ਫੌਜ਼ਾ ਸਿੰਘ ਸਰਾਰੀ ਅਤੇ ਡਾ. ਅਮਨਦੀਪ ਕੌਰ ਗੋਸਲ ਨੇ ਕਿਹਾ ਕਿ ਯੋਗ ਕਰਨ ਨਾਲ ਸਾਡਾ ਮੰਨ ਸ਼ਾਤ ਹੁੰਦਾ ਹੈ ਅਤੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਆਪਣੀ ਜ਼ਿੰਦਗੀ ਵਿਚ ਯੋਗ ਨੂੰ ਆਪਣਾ ਕੇ ਸਰੀਰਕ ਸਮੱਸਿਆਵਾਂ ਨੂੰ ਦੂਰ ਕੀਤਾ ਹੈ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਯੋਗਾ ਕਰਨਾ ਚਾਹੀਦਾ ਹੈ ਅਤੇ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਹਰ ਮਨੁੱਖ ਯੋਗ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਸ਼ਾਮਿਲ ਕਰ ਸਕੇ। ਸਹਾਇਕ ਕਮਿਸ਼ਨਰ ਹਿਮਾਂਸ਼ੂ ਅਤੇ ਐੱਸਡੀਐੱਮ ਫਿਰਜ਼ਪੁਰ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਯੋਗ ਕਰਨਾ ਸਾਡੇ ਲਈ ਬਹੁਤ ਅਹਿਮ ਹੈ। ਯੋਗ ਕਰਨ ਵਾਲਾ ਇਨਸਾਨ ਇਕ ਤੰਦਰੁਸਤ ਸਰੀਰ ਤੇ ਦਿਮਾਗ ਦਾ ਮਾਲਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਯੋਗ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਦੇ ਤੇਜ਼ ਤਰਾਰ ਮਸ਼ੀਨੀ ਯੁੱਗ ਵਿਚ ਯੋਗ ਕਈ ਤਰ੍ਹਾਂ ਦੀਆਂ ਮਾਨਸਿਕ ਤੇ ਸਰੀਰਕ ਬੀਮਾਰੀਆਂ ਤੋਂ ਛੁਟਕਾਰਾ ਪਾਉਣ ’ਚ ਸਹਾਈ ਹੋ ਸਕਦਾ ਹੈ। ਯੋਗਾ ਸੈਸ਼ਨ ਦੀ ਅਗਵਾਈ ਕਰਦੇ ਹੋਏ ਯੋਗਾਚਾਰਿਆ ਪ੍ਰਭੋਦ ਮੋਂਗਾ ਨੇ ਯੋਗਾ ਦੇ ਵੱਖ-ਵੱਖ ਆਸਨਾਂ ਦੀ ਵਿਆਖਿਆ ਕੀਤੀ ਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਆਸਨ ਪ੍ਰਾਣਾਯਾਮ ਤੇ ਧਿਆਨ ਨਾਲ ਮਿਲ ਕੇ ਵਿਅਕਤੀ ਨੂੰ ਸਰੀਰਕ, ਮਾਨਸਿਕ ਤੌਰ ’ਤੇ ਤੰਦਰੁਸਤ ਤੇ ਅਧਿਆਤਮਿਕ ਤੌਰ ’ਤੇ ਜਾਗਦੇ ਰਹਿਣ ’ਚ ਮਦਦ ਕਰਦੇ ਹਨ। ਸਮਾਗਮ ਵਿਚ 600 ਦੇ ਕਰੀਬ ਲੋਕਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਭਾਗੀਦਾਰੀ ਦਰਜ ਕਰਵਾਈ। ਇਸ ਮੌਕੇ ਆਏ ਹੋਏ ਵਿਸ਼ੇਸ ਮਹਿਮਾਨਾਂ ਨੂੰ ਬੂਟੇ ਵੰਡ ਕੇ ਸਨਮਾਨਿਤ ਵੀ ਕੀਤਾ ਗਿਆ ਤੇ ਹਰ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ। ਸਿੱਖਿਆ ਵਿਭਾਗ ਤੋਂ ਰਵੀਇੰਦਰ ਸਿੰਘ ਅਤੇ ਸਰਬਜੀਤ ਸਿੰਘ ਭਾਵੜਾ ਵੱਲੋਂ ਸਟੇਜ ਸਕੱਤਰ ਦੀ ਭੁਮਿਕਾ ਨਿਭਾਈ ਗਈ। ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾ. ਰੁਪਿੰਦਰ ਕੌਰ, ਡੀਈਓ (ਸੈ.ਸਿੱ) ਮੁਨੀਲਾ ਅਰੋੜਾ, ਡਿਪਟੀ ਡੀਈਓ ਡਾ. ਸਤਿੰਦਰ ਸਿੰਘ, ਸਕੱਤਰ ਰੈੱਡ ਕਰਾਸ ਸੁਨੀਲ ਦੱਤ, ਨੋਡਲ ਅਫਸਰ ਡਾ. ਰਾਕੇਸ਼ ਗਰੋਵਰ, ਡਾ. ਸੁਮਿਤ ਮੋਂਗਾ, ਡਾ. ਜਸਕਮਲ, ਡਾ. ਦਲਜੀਤ ਸਿੰਘ ਪ੍ਰਧਾਨ ਐੱਨਆਈਐੱਮਏ, ਡਾ. ਯੁਵਰਾਜ ਨਾਰੰਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਯੋਗ ਸਾਧਨਾ ਕੇਂਦਰ ਫਿਰੋਜ਼ਪੁਰ ਦੇ ਮੈਂਬਰਾਂ ਸਮੇਤ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।