ਪਿੰਡ ਰਾਊਕੇ ਹਿਠਾੜ ਵਿਖੇ ਲਛਮਣ ਨਹਿਰ ਟੁੱਟਣ ਕਾਰਨ 100 ਏਕੜ ਝੋਨੇ ਦੀ ਫ਼ਸਲ ਡੁੱਬੀ ਪਿੰਡ ਰਾਊਕੇ ਹਿਠਾੜ ਵਿਖੇ ਲਛਮਣ ਨਹਿਰ ਟੁੱਟਣ ਕਾਰਨ 100 ਏਕੜ ਝੋਨੇ ਦੀ ਫ਼ਸਲ ਡੁੱਬੀ
Publish Date: Thu, 02 Jul 2026 04:30 PM (IST)
Updated Date: Thu, 02 Jul 2026 04:32 PM (IST)
- ਪ੍ਰਸ਼ਾਸਨ ਦੀ ਨਾਕਾਮੀ ਖ਼ਿਲਾਫ਼ ਕਿਸਾਨਾਂ ’ਚ ਰੋਸ - ਨਹਿਰ ’ਚ ਪਿਆ 15 ਫੁੱਟ ਦਾ ਪਾੜ, ਦੋ ਘੰਟੇ ਬੀਤਣ ਦੇ ਬਾਵਜੂਦ ਨਹੀਂ ਪਹੁੰਚਿਆ ਕੋਈ ਅਧਿਕਾਰੀ ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪਿੰਡ ਰਾਊਕੇ ਹਿਠਾੜ ਵਿਖੇ ਲਛਮਣ ਨਹਿਰ ਲਗਭਗ 15 ਫੁੱਟ ਦਾ ਪਾੜ ਪੈਣ ਕਾਰਨ ਤੇਜ਼ ਰਫ਼ਤਾਰ ਪਾਣੀ ਖੇਤਾਂ ਵੱਲ ਵਧ ਰਿਹਾ ਹੈ, ਜਿਸ ਨਾਲ ਹੁਣ ਤੱਕ 100 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੀ ਹੈ। ਘਟਨਾ ਦੇ ਦੋ ਘੰਟੇ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਜਾਂ ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ, ਜਿਸ ਕਾਰਨ ਪਿੰਡ ਵਾਸੀਆਂ ਅਤੇ ਪੀੜਤ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਰਾਊਕੇ ਹਿਠਾੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਛਮਣ ਨਹਿਰ ਦੇ ਟੁੱਟਣ ਕਾਰਨ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਨਹਿਰ ਦਾ ਪਾੜ ਲਗਾਤਾਰ ਵੱਧਦਾ ਜਾ ਰਿਹਾ ਹੈ। ਮੌਕੇ ’ਤੇ ਮੌਜੂਦ ਪੀੜਤ ਕਿਸਾਨਾਂ ਨੇ ਦੱਸਿਆ ਕਿ ਪਾਣੀ ਦੀ ਮਾਰ ਕਾਰਨ ਉਨ੍ਹਾਂ ਦੀ ਹੱਡ-ਭੰਨਵੀਂ ਮਿਹਨਤ ਨਾਲ ਪਾਲੀ ਹੋਈ ਝੋਨੇ ਦੀ ਸੌ ਏਕੜ ਦੇ ਕਰੀਬ ਫ਼ਸਲ ਜਲ-ਥਲ ਹੋ ਚੁੱਕੀ ਹੈ। ਪਾਣੀ ਦੀ ਰਫ਼ਤਾਰ ਇੰਨੀ ਜ਼ਿਆਦਾ ਹੈ ਕਿ ਜੇਕਰ ਇਸ ਨੂੰ ਜਲਦੀ ਨਾ ਰੋਕਿਆ ਗਿਆ, ਤਾਂ ਆਲੇ-ਦੁਆਲੇ ਦੇ ਹੋਰਨਾਂ ਪਿੰਡਾਂ ਜਿਵੇਂ ਕਿ ਗਜਨੀ ਵਾਲਾ, ਰਾਜੇਵਾਲਾ ਦੇ ਖੇਤਾਂ ਨੂੰ ਵੀ ਇਹ ਆਪਣੀ ਲਪੇਟ ਵਿਚ ਲੈ ਲਵੇਗਾ। ਗਜਨੀ ਵਾਲੇ ਪਾਸੇ ਗਿਆ ਪਾਣੀ ਹੁਣ ਉਲਟਾ ਪਿੱਛੇ ਵੱਲ ਮੁੜਨਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਤਬਾਹੀ ਦਾ ਖ਼ਤਰਾ ਹੋਰ ਵਧ ਗਿਆ ਹੈ। ਇਸ ਕੁਦਰਤੀ ਆਫ਼ਤ ਦੌਰਾਨ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸਥਾਨਕ ਲੋਕਾਂ ਅਨੁਸਾਰ ਨਹਿਰ ਟੁੱਟਿਆਂ ਦੋ ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਪਿੰਡ ਵਾਸੀਆਂ ਨੇ ਤੁਰੰਤ ਕਾਰਵਾਈ ਲਈ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਫੋਨ ਰਾਹੀਂ ਸੂਚਿਤ ਕੀਤਾ, ਪਰ ਅਜੇ ਤੱਕ ਮੌਕੇ ’ਤੇ ਨਾ ਤਾਂ ਕੋਈ ਸਰਕਾਰੀ ਨੁਮਾਇੰਦਾ ਪਹੁੰਚਿਆ ਹੈ ਅਤੇ ਨਾ ਹੀ ਨਹਿਰ ਦੇ ਪਿੱਛੋਂ ਆ ਰਹੇ ਪਾਣੀ ਦੇ ਬੰਦੋਬਸਤ ਲਈ ਕੋਈ ਕਦਮ ਚੁੱਕਿਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੋਣ ਕਰਕੇ ਉਹ ਆਪਣੇ ਪੱਧਰ ’ਤੇ ਮਿੱਟੀ ਜਾਂ ਬੋਰੀਆਂ ਦੀ ਮੱਦਦ ਨਾਲ ਇਸ ਪਾੜ ਨੂੰ ਪੂਰਨ ਵਿਚ ਅਸਮਰੱਥ ਹਨ। ਦੂਜੇ ਪਾਸੇ ਜਦੋਂ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਦਾ ਰਵਾਇਤੀ ਜਵਾਬ ਸੀ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਅਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਪਰ ਹਕੀਕਤ ਇਹ ਹੈ ਕਿ ਖ਼ਬਰ ਲਿਖੇ ਜਾਣ ਤੱਕ ਨਹਿਰ ਦਾ ਪਾਣੀ ਬੰਦ ਨਹੀਂ ਕੀਤਾ ਗਿਆ ਸੀ। ਪਿੰਡ ਦੇ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਨਹਿਰ ਦਾ ਪਿੱਛੋਂ ਪਾਣੀ ਬੰਦ ਕਰਵਾਇਆ ਜਾਵੇ, ਪਾੜ ਨੂੰ ਪੂਰਨ ਲਈ ਜੇ.ਸੀ.ਬੀ ਮਸ਼ੀਨਾਂ ਅਤੇ ਲੋੜੀਂਦਾ ਸਾਮਾਨ ਭੇਜਿਆ ਜਾਵੇ ਅਤੇ ਬਰਬਾਦ ਹੋਈ ਫ਼ਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਨੁਕਸਾਨ ਦਾ ਦਾਇਰਾ ਬੇਕਾਬੂ ਹੋ ਜਾਵੇਗਾ।