ਆਈਸ ਡਰੱਗ ਤੇ ਹੈਰੋਇਨ ਸਣੇ ਭਾਜਪਾ ਦੇ ਲੀਗਲ ਸੈੱਲ ਦਾ ਸਾਬਕਾ ਪ੍ਰਧਾਨ ਤੇ ਵਕੀਲ ਆਪਣੇ ਮੁਨਸ਼ੀ ਸਮੇਤ ਗ੍ਰਿਫਤਾਰ
ਜਾਗਰਣ ਸੰਵਾਦਦਾਤਾ, ਬਠਿੰਡਾ :
Publish Date: Sun, 14 Jun 2026 07:36 PM (IST)
Updated Date: Mon, 15 Jun 2026 04:06 AM (IST)

ਜਾਗਰਣ ਸੰਵਾਦਦਾਤਾ, ਬਠਿੰਡਾ : ਜ਼ਿਲ੍ਹੇ ’ਚ ਨਸ਼ੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੇ ਵੱਖ-ਵੱਖ ਥਾਣਾ ਖੇਤਰਾਂ ’ਚ ਕਾਰਵਾਈ ਕਰਦਿਆਂ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ’ਚੋਂ 13.53 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ), 124.53 ਗ੍ਰਾਮ ਹੈਰੋਇਨ, 5,280 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਤੇ 5 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਬਠਿੰਡਾ ’ਚ ਪਹਿਲੀ ਵਾਰ ਆਈਸ ਡਰੱਗ ਦੀ ਬਰਾਮਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸੀਆਈਏ-1 ਸਟਾਫ ਦੇ ਸਬ-ਇੰਸਪੈਕਟਰ ਭੂਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਕਨ੍ਹੱਈਆ ਚੌਕ ਨੇੜੇ ਗਸ਼ਤ ’ਤੇ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਕਾਰ ’ਚ ਸਵਾਰ ਓਮੈਕਸ ਸਿਟੀ ਵਾਸੀ ਤੇ ਭਾਜਪਾ ਦੇ ਲੀਗਲ ਸੈੱਲ ਦੇ ਸਾਬਕਾ ਪ੍ਰਧਾਨ, ਵਕੀਲ ਰੋਹਿਤ ਸ਼ਰਮਾ ਤੇ ਉਸ ਦਾ ਮੁਨਸ਼ੀ ਪਿੰਡ ਬਲਾਹੜ ਬਿੰਝ ਵਾਸੀ ਗੁਰਪ੍ਰੀਤ ਸਿੰਘ ਦੇ ਕਬਜ਼ੇ ’ਚੋਂ 13.53 ਗ੍ਰਾਮ ਆਈਸ ਡਰੱਗ ਤੇ 14.03 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਅਨੁਸਾਰ ਦੋਸ਼ੀ ਗੁਰਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ, ਜਿਸ ਦੀ ਜ਼ਮਾਨਤ ਦੂਜੇ ਦੋਸ਼ੀ ਤੇ ਵਕੀਲ ਰੋਹਿਤ ਸ਼ਰਮਾ ਵੱਲੋਂ ਕਰਵਾਈ ਗਈ ਸੀ। ਜ਼ਮਾਨਤ ਕਰਵਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਵਕੀਲ ਦੇ ਮੁਨਸ਼ੀ ਵਜੋਂ ਕੰਮ ਕਰਨ ਲੱਗਾ। ਪੁਲਿਸ ਸਰੋਤਾਂ ਅਨੁਸਾਰ ਦੋਵਾਂ ਦੋਸ਼ੀਆਂ ਨੇ ਮਿਲ ਕੇ ਨਸ਼ਾ ਤਸਕਰੀ ਸ਼ੁਰੂ ਕਰ ਦਿੱਤੀ ਸੀ। ਦੋਵਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਜੋ ਪੁੱਛਗਿੱਛ ਕਰ ਕੇ ਪਤਾ ਲਾਇਆ ਜਾ ਸਕੇ ਕਿ ਇਹ ‘ਆਈਸ ਡਰੱਗ’ ਤੇ ਹੈਰੋਇਨ ਕਿੱਥੋਂ ਲਿਆਏ ਗਏ ਸਨ ਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ। ਇਸੇ ਤਰ੍ਹਾਂ ਸੀਆਈਏ-1 ਸਟਾਫ ਨੇ ਸੁੱਚਾ ਸਿੰਘ ਨਗਰ ਰੋਡ ਤੋਂ ਪਿੰਡ ਗਿਲਪੱਤੀ ਵਾਸੀ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਤੋਂ 103 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉੱਥੇ ਹੀ ਥਾਣਾ ਰਾਮਾਂ ਪੁਲਿਸ ਨੇ ਪਿੰਡ ਗਿਆਨਾ ’ਚ ਕਾਰਵਾਈ ਕਰਦਿਆਂ ਜਸਪ੍ਰੀਤ ਸਿੰਘ ਤੇ ਸੁਖਪ੍ਰੀਤ ਸਿੰਘ ਨੂੰ 7.50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਪਿੰਡ ਝੰਡਾ ਕਲਾਂ ਵਾਸੀ ਜਗਰੂਪ ਸਿੰਘ ਨੂੰ 5,250 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਸਮੇਤ ਗ੍ਰਿਫ਼ਤਾਰ ਕੀਤਾ, ਜਦਕਿ ਥਾਣਾ ਤਲਵੰਡੀ ਸਾਬੋ ਪੁਲਿਸ ਨੇ ਗੁਰਵਿੰਦਰ ਸਿੰਘ ਦੇ ਕਬਜ਼ੇ ਤੋਂ 30 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਬਰਾਮਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ। ਥਾਣਾ ਭਗਤਾ ਭਾਈਕਾ ਨੇ ਪਿੰਡ ਭੋਡੀਪੁਰਾ ਨੇੜੇ ਨਾਕਾਬੰਦੀ ਦੌਰਾਨ ਭੋਡੀਪੁਰਾ ਵਾਸੀ ਲਖਵੀਰ ਸਿੰਘ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਤੋਂ 5 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।