ਲੇਬਰ ਕਮਿਸ਼ਨਰ ਨਾਲ ਮੀਟਿੰਗ ‘ਚ ਹੋਏ ਫੈਸਲੇ ਤੁਰੰਤ ਲਾਗੂ ਕਰਨ ਦੀ ਮੰਗ
19 ਮਈ ਦੀ ਸੂਬਾ ਪੱਧਰੀ ਰੈਲੀ ਵਿੱਚ ਵੱਡੀ ਗਿਣਤੀ ‘ਚ ਸ਼ਾਮਲ ਹੋਣਗੇ
Publish Date: Wed, 13 May 2026 05:31 PM (IST)
Updated Date: Wed, 13 May 2026 05:33 PM (IST)

ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਕਿਰਤੀਆਂ, ਕਾਮਿਆਂ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਪ੍ਰਾਪਤੀ, ਪੰਜਾਬ ਸਰਕਾਰ ਵੱਲੋਂ ਉਜ਼ਰਤਾਂ ਵਿੱਚ ਕੀਤੇ ਨਿਗੁਣੇ ਵਾਧੇ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਚਾਰ ਕਿਰਤ ਕਾਨੂੰਨਾਂ ਦੇ ਵਿਰੋਧ ਵਿੱਚ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਪੰਜਾਬ ਵੱਲੋਂ 19 ਮਈ ਨੂੰ ਮੁਹਾਲੀ ਵਿਖੇ ਕਿਰਤ ਭਵਨ ਸਾਹਮਣੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿੱਚ ਪੰਜਾਬ ਭਰ ਤੋਂ ਉਸਾਰੀ ਕਿਰਤੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਏਟਕ ਦੇ ਕਾਰਜਕਾਰੀ ਪ੍ਰਧਾਨ ਅਤੇ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਦੇ ਜਨਰਲ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ, ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ, ਪ੍ਰਧਾਨ ਬੋਹੜ ਸਿੰਘ ਸੁਖਨਾ, ਸੀਨੀਅਰ ਮੀਤ ਪ੍ਰਧਾਨ ਭਰਪੂਰ ਬੁੱਲਾਂਪੁਰ ਅਤੇ ਖਜਾਨਚੀ ਪ੍ਰਦੀਪ ਚੀਮਾ ਨੇ ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਵਿੱਚ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਰਤੀਆਂ ਦੀਆਂ ਉਜ਼ਰਤਾਂ ਵਿੱਚ ਕੀਤਾ ਗਿਆ 15 ਫੀਸਦੀ ਵਾਧਾ ਬਹੁਤ ਨਿਗੁਣਾ ਹੈ। ਏਟਕ ਨੇ ਮੰਗ ਕੀਤੀ ਕਿ ਕਿਰਤੀਆਂ ਲਈ ਘੱਟੋ-ਘੱਟ ਪ੍ਰਤੀ ਮਹੀਨਾ 26 ਹਜ਼ਾਰ ਰੁਪਏ ਉਜ਼ਰਤ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਵਿੱਚ ਉਜ਼ਰਤਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ, ਜਦਕਿ ਪੰਜਾਬ ਦੇ ਕਿਰਤੀ ਅਜੇ ਵੀ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਏਟਕ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਉਸਾਰੀ ਕਿਰਤੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਅਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਲੇਬਰ ਕਮਿਸ਼ਨਰ ਨਾਲ ਬੀਤੇ ਦਿਨੀਂ ਕਿਰਤ ਭਵਨ ਮੁਹਾਲੀ ਵਿਖੇ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਅਜੇ ਤੱਕ ਲਾਗੂ ਨਾ ਕਰਨ ‘ਤੇ ਨਾਰਾਜ਼ਗੀ ਵੀ ਜਤਾਈ। ਆਗੂਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਸੰਬੰਧਿਤ ਅਧਿਕਾਰੀਆਂ ਨੂੰ ਫੈਸਲਿਆਂ ਨੂੰ ਤੁਰੰਤ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਮੀਟਿੰਗ ਵਿੱਚ ਹੋਏ ਫੈਸਲਿਆਂ ਨੂੰ ਤੁਰੰਤ ਲਾਗੂ ਕੀਤਾ ਜਾਵੇ, ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਇਕਬਾਲ ਤਖਾਣਬੱਧ ਮੋਗਾ, ਰਣਜੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਸੋਨਾ ਸਿੰਘ ਧੁੰਨਕੀਆਂ ਫਾਜ਼ਿਲਕਾ, ਲਖਵਿੰਦਰ ਅਟਾਰੀ, ਪਰਮਿੰਦਰ ਰਹਿਮੇ ਸ਼ਾਹ ਫਿਰੋਜ਼ਪੁਰ, ਸੁਰਿੰਦਰ ਭੈਣੀ ਮਲੇਰਕੋਟਲਾ, ਰਵੀ ਦੱਤ ਸੰਗਰੂਰ ਅਤੇ ਬਲਜੀਤ ਕੌਰ ਪਟਿਆਲਾ ਨੇ ਵੀ 19 ਮਈ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਸਾਰੇ ਸਾਥੀਆਂ ਨੂੰ ਪੂਰਾ ਜ਼ੋਰ ਲਗਾਉਣ ਦੀ ਅਪੀਲ ਕੀਤੀ।