ਆਤਮ ਸ਼ਕਤੀ ’ਚ ਸੁਧਾਰ ਤੇ ਵਿਕਾਸ ਦਾ ਪਰਮ ਵਿਗਿਆਨ ਹੈ ਯੋਗ
ਯੋਗ ਸੰਤੁਲਿਤ ਤਰੀਕੇ ਨਾਲ ਵਿਅਕਤੀ ਦੀ ਆਤਮ ਸ਼ਕਤੀ ਵਿੱਚ ਸੁਧਾਰ ਅਤੇ ਵਿਕਾਸ ਕਰਨ ਦਾ ਪਰਮ ਵਿਗਿਆਨ ਹੈ: ਸਾਧਵੀ ਹਰਪਿੰਦਰ ਭਾਰਤੀ
Publish Date: Mon, 22 Jun 2026 05:43 PM (IST)
Updated Date: Mon, 22 Jun 2026 05:45 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਮੌਕੇ ’ਤੇ ਸਿਹਤ ਜਾਗਰੂਕਤਾ ਪ੍ਰੋਜੈਕਟ ਆਰੋਗਿਆ ਤਹਿਤ ਸਥਾਨਕ ਆਸ਼ਰਮ ਫਾਜ਼ਿਲਕਾ ਵਿਖੇ ਵਿਸ਼ੇਸ਼ ਯੋਗ ਅਤੇ ਧਿਆਨ ਸਾਧਨਾ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧਕਾਂ ਨੇ ਹਿੱਸਾ ਲੈ ਕੇ ਯੋਗ ਅਤੇ ਧਿਆਨ ਦਾ ਅਭਿਆਸ ਕੀਤਾ। ਇਸ ਮੌਕੇ ਸੰਸਥਾਨ ਵੱਲੋਂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਯੋਗਾਚਾਰੀਆ ਹਰਬੰਸ ਜੀ ਨੇ ਕਿਹਾ ਕਿ ਵਧਦੇ ਸ਼ਹਿਰੀਕਰਨ, ਪ੍ਰਦੂਸ਼ਣ, ਅਨਿਯਮਿਤ ਖੁਰਾਕ ਅਤੇ ਕੁਦਰਤੀ ਸਰੋਤਾਂ ਦੇ ਨੁਕਸਾਨ ਕਾਰਨ ਮਨੁੱਖੀ ਜੀਵਨ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਹਤਮੰਦ ਜੀਵਨ ਲਈ ਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਯੋਗ ਰਾਹੀਂ ਵਿਅਕਤੀ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ’ਤੇ ਮਜ਼ਬੂਤ ਬਣ ਸਕਦਾ ਹੈ। ਯੋਗ ਸੰਤੁਲਿਤ ਢੰਗ ਨਾਲ ਵਿਅਕਤੀ ਦੀ ਆਤਮ ਸ਼ਕਤੀ ਵਿੱਚ ਸੁਧਾਰ ਅਤੇ ਵਿਕਾਸ ਕਰਨ ਦਾ ਪਰਮ ਵਿਗਿਆਨ ਹੈ। ਯੋਗਾਚਾਰੀਆ ਜੀ ਨੇ ਕਿਹਾ ਕਿ ਆਧੁਨਿਕ ਡਾਕਟਰੀ ਵਿਗਿਆਨ ਨੇ ਬੇਹੱਦ ਤਰੱਕੀ ਕੀਤੀ ਹੈ, ਪਰ ਯੋਗ ਵਰਗੀ ਪ੍ਰਾਚੀਨ ਭਾਰਤੀ ਵਿਧਾ ਮਨੁੱਖ ਨੂੰ ਜੀਵਨ ਸ਼ੈਲੀ ਸੁਧਾਰਨ ਅਤੇ ਕਈ ਬਿਮਾਰੀਆਂ ਤੋਂ ਬਚਾਅ ਲਈ ਮਹੱਤਵਪੂਰਨ ਸਹਾਇਤਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਸਾਧਵੀ ਕੀਰਤੀ ਭਾਰਤੀ ਜੀ ਨੇ ਵੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਸਿਰਫ਼ ਇੱਕ ਦਿਨ ਮਨਾਉਣ ਵਾਲੀ ਗਤੀਵਿਧੀ ਨਹੀਂ, ਸਗੋਂ ਜੀਵਨ ਦੀ ਨਿਰੰਤਰ ਪ੍ਰਕਿਰਿਆ ਬਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੋਗ ਮਨੁੱਖ ਨੂੰ ਅੰਦਰੂਨੀ ਸ਼ਾਂਤੀ, ਸਹਿਣਸ਼ੀਲਤਾ ਅਤੇ ਸੱਚੇ ਆਨੰਦ ਵੱਲ ਲੈ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਯੋਗ ਦਾ ਅਸਲ ਅਰਥ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜਨਾ ਹੈ। ਸਰੀਰਕ ਯੋਗ ਮਨੁੱਖ ਨੂੰ ਤੰਦਰੁਸਤ ਰੱਖਦਾ ਹੈ, ਜਦਕਿ ਆਤਮਿਕ ਯੋਗ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਂਦਾ ਹੈ। ਕੈਂਪ ਦੌਰਾਨ ਯੋਗਾਚਾਰੀਆ ਵੱਲੋਂ ਸਾਧਕਾਂ ਨੂੰ ਤਾੜਾਸਨ, ਤਿਰਯਕ ਤਾੜਾਸਨ, ਵੀਰ ਭਦਰਾਸਨ, ਨਾੜੀ ਸ਼ੋਧਨ ਪ੍ਰਾਣਾਯਾਮ, ਭ੍ਰਾਮਰੀ ਪ੍ਰਾਣਾਯਾਮ, ਉਜਯੀ ਪ੍ਰਾਣਾਯਾਮ, ਸੂਖਮ ਕਸਰਤਾਂ ਸਮੇਤ ਵੱਖ-ਵੱਖ ਯੋਗ ਕਿਰਿਆਵਾਂ ਦਾ ਅਭਿਆਸ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਸਰੀਰਕ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਤਹਿਤ ਆਰੋਗਿਆ ਪ੍ਰੋਜੈਕਟ ਅਧੀਨ ਆਯੁਰਵੈਦਿਕ ਦਵਾਈਆਂ ਬਾਰੇ ਵੀ ਸਾਧਕਾਂ ਨੂੰ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਹੋਈ ਅਤੇ ਸਮੂਹਿਕ ਧਿਆਨ ਨਾਲ ਸਾਧਕਾਂ ਨੇ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ।ਅੰਤ ਵਿੱਚ ਸਾਧਵੀ ਹਰਪਿੰਦਰ ਭਾਰਤੀ ਜੀ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਲੋਕ-ਭਲਾਈ ਲਈ ਅਰਦਾਸ ਕੀਤੀ ਗਈ।