ਵਿਦਿਆਰਥੀਆਂ ਨਾਲ ਰਾਹੁਲ ਗਾਂਧੀ ਦਾ ਸੰਵਾਦ ਦੇਖਣ ਲਈ ਉਮੜੇ ਨੌਜਵਾਨ ਫਾਜ਼ਿਲਕਾ ਵਿੱਚ 'ਵਿਦਿਆਰਥੀਆਂ ਦੀ ਗੂੰਜ' ਸੈਮੀਨਾਰ, ਸਕਰੀਨ 'ਤੇ ਵਿਦਿਆਰਥੀਆਂ ਨਾਲ ਰਾਹੁਲ ਗਾਂਧੀ ਦਾ ਸੰਵਾਦ ਦੇਖਣ ਲਈ ਉਮੜੇ ਨੌਜਵਾਨ
Publish Date: Mon, 29 Jun 2026 03:35 PM (IST)
Updated Date: Mon, 29 Jun 2026 03:37 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਸੋਮਵਾਰ ਨੂੰ ਫਾਜ਼ਿਲਕਾ ਦੇ ਹੋਟਲ ਹੋਮ ਸਟੱਡ ਵਿੱਚ ਵਿਦਿਆਰਥੀਆਂ ਦੀ ਗੂੰਜ ਸਿਰਲੇਖ ਹੇਠ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਰਾਜਸਥਾਨ ਦੇ ਕੋਟਾ ਵਿਖੇ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਵਿਦਿਆਰਥੀਆਂ ਨਾਲ ਕੀਤੇ ਗਏ ਸੰਵਾਦ ਦਾ ਵੱਡੀ ਸਕਰੀਨ ਤੇ ਸਿੱਧਾ ਪ੍ਰਸਾਰਣ ਦਿਖਾਇਆ ਗਿਆ। ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਿੱਖਿਆ, ਰੁਜ਼ਗਾਰ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨਹਰਪ੍ਰੀਤ ਸਿੰਘ ਸਿੱਧੂ, ਆਬਜ਼ਰਵਰ ਰਜਿੰਦਰ ਛਾਬੜਾ, ਸਾਬਕਾ ਵਿਧਾਇਕ ਡਾ. ਮੋਹਿੰਦਰ ਰਿਣਵਾ, ਸੀਨੀਅਰ ਕਾਂਗਰਸੀ ਆਗੂ ਸਮਰਬੀਰ ਸਿੰਘ ਸਿੱਧੂ, ਸਾਬਕਾ ਵਿਧਾਇਕ ਦਵਿੰਦਰ ਘੁਬਾਇਆ,ਰਾਜ ਬਖ਼ਸ਼ ਕੰਬੋਜ, ਸਾਬਕਾ ਵਿਧਾਇਕ ਨੱਥੂ ਰਾਮ,ਰਾਜਿੰਦਰ ਕੌਰ,ਰੂਬੀ ਗਿੱਲ ਸਮੇਤ ਹੋਰ ਕਾਂਗਰਸੀ ਆਗੂ ਹਾਜ਼ਰ ਸਨ। ਸੰਵਾਦ ਦੌਰਾਨ ਪੇਪਰ ਲੀਕ, ਸਰਕਾਰੀ ਭਰਤੀਆਂ ਵਿੱਚ ਦੇਰੀ, ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਅਤੇ ਸਿੱਖਿਆ ਦੇ ਵਧ ਰਹੇ ਵਪਾਰੀਕਰਨ ਵਰਗੇ ਮੁੱਦੇ ਪ੍ਰਮੁੱਖਤਾ ਨਾਲ ਉਠਾਏ ਗਏ। ਵਿਦਿਆਰਥੀਆਂ ਨੇ ਇਨ੍ਹਾਂ ਵਿਸ਼ਿਆਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਸੈਮੀਨਾਰ ਵਿੱਚ ਖਾਸ ਦਿਲਚਸਪੀ ਦਿਖਾਈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਸੈਮੀਨਾਰ ਪੂਰੀ ਤਰ੍ਹਾਂ ਵਿਦਿਆਰਥੀਆਂ ਦੇ ਹਿੱਤਾਂ ਅਤੇ ਉਨ੍ਹਾਂ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਤੇ ਕੇਂਦਰਿਤ ਸੀ। ਸਾਬਕਾ ਵਿਧਾਇਕ ਡਾ. ਮੋਹਿੰਦਰ ਰਿਣਵਾ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਸਮੇਂ ਸਿਰ ਸਰਕਾਰੀ ਭਰਤੀਆਂ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਬਣਾਉਣ ਲਈ ਸਿੱਖਿਆ ਪ੍ਰਣਾਲੀ ਨੂੰ ਹੋਰ ਜਵਾਬਦੇਹ ਅਤੇ ਭਰੋਸੇਯੋਗ ਬਣਾਉਣ ਦੀ ਲੋੜ ਹੈ। ਸੀਨੀਅਰ ਕਾਂਗਰਸੀ ਆਗੂ ਸਮਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ, ਸਗੋਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਭਵਿੱਖ ਤੇ ਕੇਂਦਰਿਤ ਇੱਕ ਜਾਗਰੂਕਤਾ ਸੈਮੀਨਾਰ ਹੈ। ਆਬਜ਼ਰਵਰ ਰਜਿੰਦਰ ਛਾਬੜਾ ਨੇ ਕਿਹਾ ਕਿ ਕੋਟਾ ਤੋਂ ਸ਼ੁਰੂ ਹੋਇਆ ਇਹ ਵਿਦਿਆਰਥੀ ਸੰਵਾਦ ਅਭਿਆਨ ਸਿੱਖਿਆ ਅਤੇ ਰੁਜ਼ਗਾਰ ਨਾਲ ਜੁੜੇ ਮੁੱਦਿਆਂ ਤੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਜੋੜਨ ਦਾ ਯਤਨ ਹੈ। ਇਸ ਮੌਕੇ ਸਿੱਧਾਰਥ ਰਿਣਵਾ, ਪਰਮਜੀਤ ਮਹੰਤ, ਅਸ਼ੋਕ ਵਾਟਸ, ਹਰਬੰਸ ਸਿੰਘ, ਅੰਕੁਸ਼ ਗੋਇਲ, ਬਲਾਕ ਪ੍ਰਧਾਨ ਅਬੋਹਰ ਸੁਭਾਸ਼ ਠਠਈ, ਸਤਿਆ ਭਾਦੂ, ਵਿਨੋਦ ਬਾਗੜੀ, ਬਲਦੇਵ ਸਿੰਘ, ਮਹੇਸ਼ ਕੁਮਾਰ, ਸ਼ਾਲੂ ਪੰਜਾਬਾ, ਬਲਦੇਵ ਭੱਟੀ, ਕੁਲਦੀਪ ਸਿੰਘ ਅਤੇ ਡਾ. ਕੇ. ਕੇ. ਸੇਠੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਮੰਚ ਸੰਚਾਲਨ ਪਰਮਜੀਤ ਮਹੰਤ ਤੇ ਅਸ਼ੋਕ ਵਾਟਸ ਨੇ ਕੀਤਾ।