- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਕਰੀਬ 9 ਵਜੇ ਅਮਨਦੀਪ ਸਿੰਘ ਪਿੰਡ ਦੇ ਰਹਿਣ ਵਾਲੇ ਮਨੀਸ਼ ਕੁਮਾਰ ਦੀ ਬਿਮਾਰ ਮੱਝ ਨੂੰ ਦੇਖਣ ਲਈ ਗਿਆ ਸੀ। ਦਵਾਈ ਦੇਣ ਤੋਂ ਬਾਅਦ ਉਹ ਉਥੋਂ ਚਲਾ ਗਿਆ। ਇਸ ਤੋਂ ਬਾਅਦ ਉਹ ਐੱਸਡੀਐੱਮ ਦੀ ਕੋਠੀ ਤੱਕ ਕਿਵੇਂ ਪਹੁੰਚਿਆ, ਇਸ ਸਬੰਧੀ ਹਾਲੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ।

ਭਾਰਤ ਭੂਸ਼ਣ ਸ਼ਰਮਾ, ਪੰਜਾਬੀ ਜਾਗਰਣ, ਅਬੋਹਰ : ਖੇਤਰ ਵਿੱਚ ਐਤਵਾਰ ਨੂੰ ਇਕ ਵੈਟਰਨਰੀ ਡਾਕਟਰ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਦੀ ਲਾਸ਼ ਖੇਤਾਂ ਵਿਚਕਾਰ ਬਣੀ ਐੱਸਡੀਐੱਮ ਦੀ ਕੋਠੀ ਵਿੱਚੋਂ ਮਿਲੀ। ਮ੍ਰਿਤਕ ਦੇ ਸਿਰ ਅਤੇ ਚਿਹਰੇ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ। ਮੁੱਢਲੀ ਜਾਂਚ ਵਿੱਚ ਤੇਜ਼ਧਾਰ ਜਾਂ ਨੁਕੀਲੇ ਹਥਿਆਰ ਨਾਲ ਹਮਲਾ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਅਮਨਦੀਪ ਸਿੰਘ ਅਤੇ ਥਾਣਾ ਖੁਈਆਂ ਸਰਵਰ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਮੌਕੇ ਤੋਂ ਮਿਲੇ ਮੋਬਾਈਲ ਫੋਨ ਦੇ ਆਧਾਰ ’ਤੇ ਮ੍ਰਿਤਕ ਦੀ ਪਛਾਣ ਗਿੱਦੜਾਂਵਾਲੀ ਵਾਸੀ ਅਮਨਦੀਪ ਸਿੰਘ (29) ਵਜੋਂ ਹੋਈ। ਪੁਲਿਸ ਵੱਲੋਂ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਕਰੀਬ 9 ਵਜੇ ਅਮਨਦੀਪ ਸਿੰਘ ਪਿੰਡ ਦੇ ਰਹਿਣ ਵਾਲੇ ਮਨੀਸ਼ ਕੁਮਾਰ ਦੀ ਬਿਮਾਰ ਮੱਝ ਨੂੰ ਦੇਖਣ ਲਈ ਗਿਆ ਸੀ। ਦਵਾਈ ਦੇਣ ਤੋਂ ਬਾਅਦ ਉਹ ਉਥੋਂ ਚਲਾ ਗਿਆ। ਇਸ ਤੋਂ ਬਾਅਦ ਉਹ ਐੱਸਡੀਐੱਮ ਦੀ ਕੋਠੀ ਤੱਕ ਕਿਵੇਂ ਪਹੁੰਚਿਆ, ਇਸ ਸਬੰਧੀ ਹਾਲੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾ ਰਿਹਾ ਹੈ ਕਿ ਇਹ ਕੋਠੀ ਚੰਡੀਗੜ੍ਹ ਦੇ ਸੈਕਟਰ-8 ਵਿੱਚ ਤਾਇਨਾਤ ਐੱਸਡੀਐੱਮ ਜਸਦੀਪ ਔਲਖ ਦੀ ਹੈ। ਕੋਠੀ ਦੇ ਨਾਲ ਲੱਗਦੇ ਖੇਤ ਦੇ ਮਾਲਕ ਕ੍ਰਿਸ਼ਨ ਕੁਮਾਰ ਜਦੋਂ ਕੰਮ ਲਈ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਕੋਠੀ ਦਾ ਗੇਟ ਖੁੱਲ੍ਹਾ ਦੇਖਿਆ। ਆਮ ਤੌਰ ’ਤੇ ਗੇਟ ਬੰਦ ਰਹਿਣ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ। ਅੰਦਰ ਜਾ ਕੇ ਦੇਖਣ ’ਤੇ ਡਾਕਟਰ ਦੀ ਲਾਸ਼ ਪਈ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਸਰਪੰਚ ਦੇਸ਼ਰਾਜ ਨੂੰ ਸੂਚਿਤ ਕੀਤਾ, ਜਿਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਸੱਟਾਂ ਕਾਰਨ ਸ਼ੁਰੂਆਤ ਵਿੱਚ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਮੌਕੇ ਤੋਂ ਮਿਲੇ ਮੋਬਾਈਲ ਫੋਨ ਰਾਹੀਂ ਉਸ ਦੀ ਪਛਾਣ ਹੋਈ। ਸਰਪੰਚ ਦੇਸ਼ਰਾਜ ਅਨੁਸਾਰ ਅਮਨਦੀਪ ਸਿੰਘ ਦੋ ਭਰਾਵਾਂ ਅਤੇ ਇਕ ਭੈਣ ਵਿੱਚੋਂ ਸਭ ਤੋਂ ਵੱਡਾ ਸੀ। ਉਸ ਦੀ ਮੰਗਣੀ ਹੋ ਚੁੱਕੀ ਸੀ ਅਤੇ ਕਰੀਬ ਇਕ ਮਹੀਨੇ ਬਾਅਦ ਉਸ ਦਾ ਵਿਆਹ ਹੋਣਾ ਸੀ। ਉਹ ਪਿਛਲੇ ਚਾਰ ਸਾਲਾਂ ਤੋਂ ਪ੍ਰਾਈਵੇਟ ਵੈਟਰਨਰੀ ਡਾਕਟਰ ਵਜੋਂ ਕੰਮ ਕਰ ਰਿਹਾ ਸੀ, ਜਦਕਿ ਉਸ ਦੇ ਪਿਤਾ ਖੇਤੀਬਾੜੀ ਕਰਦੇ ਹਨ।
ਪੁਲਿਸ ਜਾਂਚ ’ਚ ਜੁਟੀ, ਸਬੂਤ ਕੀਤੇ ਇਕੱਠੇ
ਪੁਲਿਸ ਵੱਲੋਂ ਘਟਨਾ ਸਥਾਨ ਦੀ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਗਏ ਹਨ। ਪੁਲਿਸ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਦੇ ਨਾਲ ਹੋਰ ਸਬੂਤਾਂ ਦੀ ਵੀ ਜਾਂਚ ਕਰ ਰਹੀ ਹੈ। ਹੱਤਿਆ ਕਿਸ ਕਾਰਨ ਕੀਤੀ ਗਈ ਅਤੇ ਵਾਰਦਾਤ ਵਿੱਚ ਕੌਣ ਸ਼ਾਮਲ ਹੈ, ਇਸ ਬਾਰੇ ਹਾਲੇ ਪੁਲਿਸ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।