ਸੜਕਾਂ ’ਤੇ ਜੁਗਾੜੂ ਵਾਹਨ ਨਿਯਮਾਂ ਦੀਆਂ ਉਡਾਅ ਰਹੇ ਧੱਜੀਆਂ, ਹਾਦਸਿਆਂ ਨੂੰ ਦੇ ਰਹੇ ਸੱਦਾ
ਸੜਕਾਂ ’ਤੇ ਜੁਗਾੜੂ ਵਾਹਨ ਨਿਯਮਾਂ ਦੀਆਂ ਉਡਾ ਰਹੇ ਹਨ ਧੱਜੀਆਂ, ਹਾਦਸਿਆਂ ਨੂੰ ਦੇ ਰਹੇ ਸੱਦਾ
Publish Date: Mon, 22 Jun 2026 05:00 PM (IST)
Updated Date: Mon, 22 Jun 2026 05:00 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਇਲਾਕੇ ਦੀਆਂ ਸੜਕਾਂ ਤੇ ਨਿੱਜੀ ਫੋਰ-ਵ੍ਹੀਲਰ ਵਾਹਨਾਂ ਰਾਹੀਂ ਸਵਾਰੀਆਂ ਢੋਣ ਦਾ ਰੁਝਾਨ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਨਿੱਜੀ ਵਰਤੋਂ ਲਈ ਰਜਿਸਟਰ ਕੀਤੀਆਂ ਕਾਰਾਂ ਅਤੇ ਹੋਰ ਚਾਰ ਪਹੀਆ ਵਾਹਨ ਹੁਣ ਖੁੱਲ੍ਹੇਆਮ ਕਮਰਸ਼ੀਅਲ ਟੈਕਸੀ ਵਜੋਂ ਵਰਤੇ ਜਾ ਰਹੇ ਹਨ, ਜਿਸ ਨਾਲ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਵੀ ਦਾਅ ਤੇ ਲੱਗ ਰਹੀ ਹੈ।ਇਲਾਕੇ ਦੀਆਂ ਸੜਕਾਂ ਤੇ ਜੁਗਾੜੂ ਵਾਹਨਾਂ ਦੀ ਆਵਾਜਾਈ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਟਰੈਫਿਕ ਨਿਯਮਾਂ ਦੀਆਂ ਖੁੱਲ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਟਰੈਕਟਰ ਇੰਜਣਾਂ, ਪੁਰਾਣੇ ਵਾਹਨਾਂ ਦੇ ਪਾਰਟਸ ਅਤੇ ਦੇਸੀ ਤਰੀਕੇ ਨਾਲ ਤਿਆਰ ਕੀਤੇ ਗਏ ਇਹ ਜੁਗਾੜੂ ਵਾਹਨ ਨਾ ਸਿਰਫ਼ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਸਗੋਂ ਸੜਕ ਹਾਦਸਿਆਂ ਦਾ ਵੀ ਵੱਡਾ ਕਾਰਨ ਬਣ ਰਹੇ ਹਨ। ਜਾਣਕਾਰੀ ਅਨੁਸਾਰ ਕਈ ਨਿੱਜੀ ਵਾਹਨ ਚਾਲਕ ਰੋਜ਼ਾਨਾ ਸ਼ਹਿਰਾਂ ਅਤੇ ਪਿੰਡਾਂ ਦਰਮਿਆਨ ਸਵਾਰੀਆਂ ਢੋ ਕੇ ਮੋਟੀ ਕਮਾਈ ਕਰ ਰਹੇ ਹਨ। ਇਹ ਵਾਹਨ ਨਾ ਤਾਂ ਕਮਰਸ਼ੀਅਲ ਪਰਮਿਟ ਰੱਖਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਯਾਤਰੀ ਆਵਾਜਾਈ ਲਈ ਲੋੜੀਂਦੇ ਦਸਤਾਵੇਜ਼ ਹੁੰਦੇ ਹਨ। ਇਸ ਦੇ ਬਾਵਜੂਦ ਇਹ ਵਾਹਨ ਬੱਸ ਅੱਡਿਆਂ, ਮੁੱਖ ਚੌਕਾਂ ਅਤੇ ਹੋਰ ਜਨਤਕ ਥਾਵਾਂ ਤੋਂ ਸਵਾਰੀਆਂ ਚੁੱਕਦੇ ਦੇਖੇ ਜਾ ਸਕਦੇ ਹਨ। ਨਿਯਮਾਂ ਦੀ ਖੁੱਲ੍ਹੀ ਉਲੰਘਣਾ ਮੋਟਰ ਵਹੀਕਲ ਐਕਟ ਅਨੁਸਾਰ ਕਿਸੇ ਵੀ ਨਿੱਜੀ ਵਾਹਨ ਨੂੰ ਕਮਰਸ਼ੀਅਲ ਮਕਸਦ ਲਈ ਵਰਤਣਾ ਕਾਨੂੰਨੀ ਤੌਰ ਤੇ ਮਨਾਹੀ ਹੈ। ਯਾਤਰੀਆਂ ਨੂੰ ਕਿਰਾਏ ਤੇ ਲਿਜਾਣ ਲਈ ਵਾਹਨ ਕੋਲ ਕਮਰਸ਼ੀਅਲ ਰਜਿਸਟ੍ਰੇਸ਼ਨ, ਵੈਧ ਪਰਮਿਟ, ਫਿਟਨੈੱਸ ਸਰਟੀਫਿਕੇਟ ਅਤੇ ਉਚਿਤ ਬੀਮਾ ਹੋਣਾ ਲਾਜ਼ਮੀ ਹੈ। ਪਰ ਇਲਾਕੇ ਵਿੱਚ ਚੱਲ ਰਹੇ ਕਈ ਨਿੱਜੀ ਵਾਹਨ ਇਨ੍ਹਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਵਾਰੀਆਂ ਢੋ ਰਹੇ ਹਨ। ਯਾਤਰੀਆਂ ਦੀ ਸੁਰੱਖਿਆ ਨਾਲ ਖਿਲਵਾੜ ਆਵਾਜਾਈ ਮਾਹਿਰਾਂ ਦਾ ਕਹਿਣਾ ਹੈ ਕਿ ਨਿੱਜੀ ਵਾਹਨਾਂ ਵਿੱਚ ਸਵਾਰੀਆਂ ਢੋਣ ਨਾਲ ਯਾਤਰੀਆਂ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਪੈਦਾ ਹੁੰਦਾ ਹੈ। ਅਜਿਹੇ ਵਾਹਨਾਂ ਦੀ ਨਿਯਮਿਤ ਜਾਂਚ ਨਹੀਂ ਹੁੰਦੀ ਅਤੇ ਨਾ ਹੀ ਇਨ੍ਹਾਂ ਉੱਤੇ ਉਹ ਸੁਰੱਖਿਆ ਮਾਪਦੰਡ ਲਾਗੂ ਹੁੰਦੇ ਹਨ ਜੋ ਕਮਰਸ਼ੀਅਲ ਵਾਹਨਾਂ ਲਈ ਲਾਜ਼ਮੀ ਹਨ। ਕਿਸੇ ਹਾਦਸੇ ਦੀ ਸਥਿਤੀ ਵਿੱਚ ਯਾਤਰੀਆਂ ਨੂੰ ਬੀਮਾ ਕਲੇਮ ਅਤੇ ਹੋਰ ਕਾਨੂੰਨੀ ਸਹਾਇਤਾ ਲੈਣ ਵਿੱਚ ਵੀ ਮੁਸ਼ਕਲਾਂ ਆ ਸਕਦੀਆਂ ਹਨ। ਕਾਨੂੰਨੀ ਟਰਾਂਸਪੋਰਟ ਕਾਰੋਬਾਰ ਪ੍ਰਭਾਵਿਤ ਨਿੱਜੀ ਵਾਹਨਾਂ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਸਵਾਰੀਆਂ ਢੋਣ ਕਾਰਨ ਪਰਮਿਟਸ਼ੁਦਾ ਟੈਕਸੀ ਅਤੇ ਹੋਰ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਮਰਸ਼ੀਅਲ ਵਾਹਨ ਚਾਲਕ ਸਰਕਾਰੀ ਫੀਸਾਂ, ਟੈਕਸਾਂ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਦੇ ਹਨ, ਜਦਕਿ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਿੱਜੀ ਵਾਹਨ ਬਿਨਾਂ ਕਿਸੇ ਵਾਧੂ ਖਰਚੇ ਦੇ ਸਵਾਰੀਆਂ ਢੋ ਕੇ ਉਨ੍ਹਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਹਨ। ਸੁਰੱਖਿਆ ਪ੍ਰਬੰਧਾਂ ਦੀ ਘਾਟ ਜੁਗਾੜੂ ਵਾਹਨਾਂ ਵਿੱਚ ਨਾ ਤਾਂ ਸਹੀ ਬ੍ਰੇਕ ਸਿਸਟਮ ਹੁੰਦਾ ਹੈ ਅਤੇ ਨਾ ਹੀ ਹੋਰ ਲਾਜ਼ਮੀ ਸੁਰੱਖਿਆ ਉਪਕਰਨ। ਕਈ ਵਾਰ ਇਨ੍ਹਾਂ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਜਾਂ ਭਾਰੀ ਸਮਾਨ ਲਿਜਾਇਆ ਜਾਂਦਾ ਹੈ, ਜਿਸ ਨਾਲ ਹਾਦਸਿਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਪ੍ਰਸ਼ਾਸਨ ਦੀ ਕਾਰਵਾਈ ਸਵਾਲਾਂ ਦੇ ਘੇਰੇ ’ਚ ਸਥਾਨਕ ਲੋਕਾਂ ਅਤੇ ਕਾਨੂੰਨੀ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਪ੍ਰਸ਼ਾਸਨ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਾਹਨਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਪਰਮਿਟ ਸਵਾਰੀਆਂ ਢੋਣ ਵਾਲੇ ਵਾਹਨਾਂ ਦੀ ਜਾਂਚ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਹੋ ਸਕੇ। ਜੇਕਰ ਸਮੇਂ ਸਿਰ ਇਸ ਰੁਝਾਨ ਤੇ ਰੋਕ ਨਾ ਲਗਾਈ ਗਈ ਤਾਂ ਭਵਿੱਖ ਵਿੱਚ ਇਹ ਸਮੱਸਿਆ ਹੋਰ ਗੰਭੀਰ ਰੂਪ ਧਾਰਨ ਕਰ ਸਕਦੀ ਹੈ ਅਤੇ ਸੜਕ ਸੁਰੱਖਿਆ ਲਈ ਵੱਡੀ ਚੁਣੌਤੀ ਬਣ ਸਕਦੀ ਹੈ।