- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਵਾਰਾ ਸਾਨ੍ਹ ਨੇ 65 ਸਾਲਾ ਮਹਿਲਾ ਨੂੰ ਸਿੰਗਾਂ 'ਤੇ ਚੁੱਕ ਕੇ ਸੁੱਟਿਆ

- ਸੀਸੀਟੀਵੀ ’ਚ ਕੈਦ ਹੋਈ ਦਹਿਲਾ ਦੇਣ ਵਾਲੀ ਘਟਨਾ
ਭਾਰਤ ਭੂਸ਼ਣ ਸ਼ਰਮਾ, ਪੰਜਾਬੀ ਜਾਗਰਣ
ਅਬੋਹਰ : ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਦਾ ਖ਼ਤਰਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਵੀਰਵਾਰ ਸਵੇਰੇ ਨਾਨਕ ਨਗਰੀ ਇਲਾਕੇ ਵਿੱਚ ਇੱਕ ਅਵਾਰਾ ਸਾਨ੍ਹ ਨੇ 65 ਸਾਲਾ ਮਹਿਲਾ ’ਤੇ ਅਚਾਨਕ ਹਮਲਾ ਕਰ ਕੇ ਉਸ ਨੂੰ ਆਪਣੇ ਸਿੰਙਾਂ ’ਤੇ ਚੁੱਕ ਲਿਆ ਅਤੇ ਹਵਾ ਵਿੱਚ ਸੁੱਟ ਦਿੱਤਾ। ਇਹ ਦਹਿਲਾ ਦੇਣ ਵਾਲੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜ਼ਖ਼ਮੀ ਮਹਿਲਾ ਦੀ ਪਛਾਣ ਸੁਨੀਤਾ ਪਤਨੀ ਖਰੈਤੀ ਲਾਲ ਵਾਸੀ ਆਨੰਦ ਨਗਰੀ ਗਲੀ ਨੰਬਰ 7 ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਨੀਤਾ ਆਪਣੇ ਘਰ ਦੇ ਬਾਹਰ ਖੜ੍ਹੀ ਕਿਸੇ ਨਾਲ ਗੱਲਬਾਤ ਕਰ ਰਹੀ ਸੀ ਕਿ ਇਸੇ ਦੌਰਾਨ ਇੱਕ ਲਾਵਾਰਿਸ ਸਾਨ੍ਹ ਉੱਥੇ ਆ ਪਹੁੰਚਿਆ। ਨੇੜੇ ਮੌਜੂਦ ਪੂਜਾ ਨਾਮਕ ਮਹਿਲਾ ਨੇ ਪਹਿਲਾਂ ਆਪਣੇ 7 ਸਾਲਾ ਬੱਚੇ ਨੂੰ ਸੁਰੱਖਿਅਤ ਥਾਂ ’ਤੇ ਕੀਤਾ ਅਤੇ ਸੁਨੀਤਾ ਨੂੰ ਵੀ ਚਿਤਾਵਨੀ ਦਿੱਤੀ, ਪਰ ਇਸ ਤੋਂ ਪਹਿਲਾਂ ਕਿ ਉਹ ਸੰਭਲ ਸਕਦੀ, ਸਾਨ੍ਹ ਨੇ ਉਸ 'ਤੇ ਹਮਲਾ ਕਰ ਦਿੱਤਾ। ਚਸ਼ਮਦੀਦਾਂ ਮੁਤਾਬਿਕ ਸਾਨ੍ਹ ਨੇ ਸੁਨੀਤਾ ਨੂੰ ਸਿੰਙਾਂ ’ਤੇ ਚੁੱਕ ਕੇ ਲਗਭਗ ਤਿੰਨ ਫੁੱਟ ਉੱਚਾ ਹਵਾ ਵਿੱਚ ਸੁੱਟ ਦਿੱਤਾ। ਕੰਧ ਨਾਲ ਟਕਰਾਉਣ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਪਈ, ਜਿਸ ਕਾਰਨ ਉਸਨੂੰ ਗੰਭੀਰ ਸੱਟਾਂ ਲੱਗੀਆਂ। ਰੌਲਾ ਸੁਣ ਕੇ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਸਾਨ੍ਹ ਨੂੰ ਭਜਾ ਕੇ ਜ਼ਖਮੀ ਮਹਿਲਾ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਡਾਕਟਰਾਂ ਨੇ ਮੁੱਢਲਾ ਇਲਾਜ ਕਰਨ ਤੋਂ ਬਾਅਦ ਜ਼ਰੂਰੀ ਟੀਕੇ ਲਗਾਏ ਹਨ। ਡਾਕਟਰਾਂ ਅਨੁਸਾਰ ਮਹਿਲਾ ਨੂੰ ਅੰਦਰੂਨੀ ਸੱਟਾਂ ਵੀ ਲੱਗੀਆਂ ਹਨ ਅਤੇ ਉਸ ਦੀ ਹਾਲਤ 'ਤੇ ਨਜ਼ਰ ਰੱਖੀ ਜਾ ਰਹੀ ਹੈ। ਪ੍ਰਸ਼ਾਸਨ ਵਿਰੁੱਧ ਲੋਕਾਂ ਦਾ ਫੁੱਟਿਆ ਗੁੱਸਾ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਗਟਾਇਆ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਲਾਵਾਰਿਸ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਹਰ ਵੇਲੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਵਾਸੀਆਂ ਨੇ ਯਾਦ ਦਿਵਾਇਆ ਕਿ ਕਰੀਬ ਇੱਕ ਸਾਲ ਪਹਿਲਾਂ ਵੀ ਨਾਨਕ ਨਗਰੀ ਵਿੱਚ ਇੱਕ ਅਵਾਰਾ ਸਾਨ੍ਹ ਦੇ ਹਮਲੇ ਦੌਰਾਨ 70 ਸਾਲਾ ਬਿਮਲਾ ਰਾਣੀ ਦੀ ਜਾਨ ਚਲੀ ਗਈ ਸੀ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਲਾਵਾਰਿਸ ਪਸ਼ੂਆਂ ਨੂੰ ਤੁਰੰਤ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨੂੰ ਆਪਣੀ ਜਾਨ ਜਾਂ ਸਿਹਤ ਦਾ ਨੁਕਸਾਨ ਨਾ ਝੱਲਣਾ ਪਵੇ।