3 ਲੱਖ ਨਕਦ ਤੇ ਗਹਿਣੇ ਲੈ ਕੇ ਘਰੋਂ ਨਿਕਲੀ ਕੁੜੀ ਨੂੰ ਫਤਿਹਾਬਾਦ ਤੋਂ ਕਾਬੂ
3 ਲੱਖ ਨਕਦ ਤੇ ਗਹਿਣੇ ਲੈ ਕੇ ਘਰੋਂ ਨਿਕਲੀ ਕੁੜੀ ਨੂੰ ਪੁਲਿਸ ਨੇ ਫਤਿਹਾਬਾਦ ਤੋਂ ਬ੍ਰਾਮਦ ਕੀਤਾ
Publish Date: Tue, 23 Jun 2026 06:49 PM (IST)
Updated Date: Tue, 23 Jun 2026 06:52 PM (IST)

ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਸੋਸ਼ਲ ਮੀਡੀਆ ਤੇ ਹੋਈ ਦੋਸਤੀ ਤੋਂ ਬਾਅਦ ਆਪਣੇ 12 ਸਾਲਾ ਭਤੀਜੇ ਨੂੰ ਨਾਲ ਲੈ ਕੇ ਘਰੋਂ ਨਿਕਲੀ ਇਕ ਨੌਜਵਾਨ ਕੁੜੀ ਨੂੰ ਅਬੋਹਰ ਪੁਲਿਸ ਨੇ ਹਰਿਆਣਾ ਦੇ ਫਤਿਹਾਬਾਦ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਪੁਲਿਸ ਨੇ ਕੁੜੀ ਕੋਲੋਂ ਕਰੀਬ 3 ਲੱਖ ਰੁਪਏ ਨਕਦ ਅਤੇ ਕੁਝ ਨਵੇਂ ਗਹਿਣੇ ਵੀ ਬਰਾਮਦ ਕੀਤੇ ਹਨ। ਕੁੜੀ ਦੀ ਮਾਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਧੀ ਦਾ ਤਿੰਨ ਮਹੀਨੇ ਪਹਿਲਾਂ ਤਲਾਕ ਹੋਇਆ ਸੀ। 15 ਜੂਨ ਨੂੰ ਉਹ ਕੱਪੜੇ ਖਰੀਦਣ ਦੇ ਬਹਾਨੇ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਆਈ। ਬੈਂਕ ਤੋਂ ਕਢਵਾਏ ਸਾਢੇ ਤਿੰਨ ਲੱਖ ਰੁਪਏ ਲੈ ਕੇ ਹੋਈ ਸੀ ਲਾਪਤਾ ਪੀੜਤ ਮਾਤਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਬੈਂਕ ਤੋਂ ਕਰੀਬ ਸਾਢੇ ਤਿੰਨ ਲੱਖ ਰੁਪਏ ਕਢਵਾ ਕੇ ਧੀ ਨਾਲ ਘਰ ਆ ਰਹੀ ਸੀ। ਇਸ ਦੌਰਾਨ ਧੀ ਸਾਰੇ ਪੈਸੇ ਆਪਣੇ ਕੋਲ ਰੱਖ ਕੇ ਭਤੀਜੇ ਨੂੰ ਨਾਲ ਲੈ ਗਈ। ਸ਼ਾਮ ਤੱਕ ਦੋਵੇਂ ਘਰ ਨਾ ਪੁੱਜੇ ਤਾਂ ਪਰਿਵਾਰ ਨੇ ਪੁਲਿਸ ਕੋਲ ਮਦਦ ਲਈ ਅਪੀਲ ਕੀਤੀ। ਸਬ-ਇੰਸਪੈਕਟਰ ਰਮਨਦੀਪ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤਕਨੀਕੀ ਸਬੂਤਾਂ ਅਤੇ ਲੋਕੇਸ਼ਨ ਦੀ ਮਦਦ ਨਾਲ ਫਤਿਹਾਬਾਦ ਵਿੱਚ ਛਾਪੇਮਾਰੀ ਕਰਕੇ ਦੋਵਾਂ ਨੂੰ ਸੁਰੱਖਿਅਤ ਲੱਭ ਲਿਆ। ਫਤਿਹਾਬਾਦ ਪਹੁੰਚ ਕੇ ਖੁੱਲਿਆ ਨੌਜਵਾਨ ਦਾ ਰਾਜ ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਕੁੜੀ ਨੇ ਖੁਲਾਸਾ ਕੀਤਾ ਕਿ ਕੁਝ ਮਹੀਨੇ ਪਹਿਲਾਂ ਉਸ ਦੀ ਇੰਸਟਾਗ੍ਰਾਮ ਰਾਹੀਂ ਇਕ ਨੌਜਵਾਨ ਨਾਲ ਦੋਸਤੀ ਹੋਈ ਸੀ। ਉਸ ਦੇ ਸੱਦੇ ਤੇ ਹੀ ਉਹ ਘਰੋਂ ਪੈਸੇ ਲੈ ਕੇ ਨਿਕਲੀ ਸੀ। ਪਰ ਜਦੋਂ ਉਹ ਫਤਿਹਾਬਾਦ ਪਹੁੰਚੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਨੌਜਵਾਨ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਅਤੇ ਇਕ ਬੱਚੇ ਦਾ ਪਿਤਾ ਵੀ ਹੈ। ਇਹ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਕੁੜੀ ਨੇ ਉਸ ਕੋਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ। ਬੱਚਾ ਪਰਿਵਾਰ ਹਵਾਲੇ, ਨੌਜਵਾਨ ਦੀ ਭਾਲ ਜਾਰੀ ਪੁਲਿਸ ਨੇ ਕੁੜੀ ਦੇ ਬਿਆਨ ਦਰਜ ਕਰ ਲਏ ਹਨ ਅਤੇ ਬਰਾਮਦ ਕੀਤੇ ਗਏ 12 ਸਾਲਾ ਬੱਚੇ ਨੂੰ ਸੁਰੱਖਿਅਤ ਤੌਰ ਤੇ ਉਸ ਦੇ ਪਰਿਵਾਰ ਦੇ ਹਵਾਲੇ ਕਰਨ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਨਾਲ ਜੁੜੇ ਨੌਜਵਾਨ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।