ਓਵਰਲੋਡ ਵਾਹਨ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ, ਟਰੈਫਿਕ ਨਿਯਮਾਂ ਨੂੰ ਟਿੱਚ ਸਮਝ ਰਹੇ ਚਾਲਕ
ਓਵਰਲੋਡ ਵਾਹਨ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ, ਟਰੈਫਿਕ ਨਿਯਮਾਂ ਨੂੰ ਟਿੱਚ ਸਮਝ ਰਹੇ ਚਾਲਕ
Publish Date: Sun, 21 Jun 2026 06:32 PM (IST)
Updated Date: Mon, 22 Jun 2026 04:07 AM (IST)

ਦੀਪਕ ਕੁਮਾਰ ਡੀ.ਕੇ.,ਪੰਜਾਬੀ ਜਾਗਰਣ, ਮੰਡੀ ਰੋੜਾਂਵਾਲੀ : ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਟ੍ਰੈਫਿਕ ਪੁਲਿਸ ਤੇ ਸਬੰਧਤ ਵਿਭਾਗਾਂ ਵੱਲੋਂ ਸਮੇਂ-ਸਮੇਂ ਤੇ ਜਾਗਰੂਕਤਾ ਕੈਂਪ ਲਾਏ ਜਾਂਦੇ ਹਨ, ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਵਾਹਨਾਂ ਤੇ ਰਿਫਲੈਕਟਰ ਲਾ ਕੇ ਸੜਕ ਹਾਦਸਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਕਈ ਵਾਹਨ ਚਾਲਕ ਅਜੇ ਵੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਓਵਰਲੋਡ ਵਾਹਨ ਸੜਕਾਂ ਤੇ ਚਲਾ ਰਹੇ ਹਨ, ਜੋ ਗੰਭੀਰ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਇਲਾਕੇ ਦੀਆਂ ਸੜਕਾਂ ਤੇ ਅਕਸਰ ਅਜਿਹੇ ਟਰੱਕ, ਟਰੈਕਟਰ-ਟਰਾਲੀਆਂ ਤੇ ਹੋਰ ਵਪਾਰਕ ਵਾਹਨ ਦੇਖਣ ਨੂੰ ਮਿਲਦੇ ਹਨ ਜੋ ਨਿਰਧਾਰਤ ਸਮਰੱਥਾ ਤੋਂ ਵੱਧ ਸਾਮਾਨ ਲੱਦ ਕੇ ਚਲਾਏ ਜਾਂਦੇ ਹਨ। ਇਹ ਵਾਹਨ ਨਾ ਸਿਰਫ਼ ਆਪਣੀ ਸਥਿਰਤਾ ਗੁਆ ਬੈਠਦੇ ਹਨ, ਸਗੋਂ ਹੋਰ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਵੀ ਖ਼ਤਰਾ ਬਣ ਜਾਂਦੇ ਹਨ। ਓਵਰਲੋਡ ਹੋਣ ਕਾਰਨ ਵਾਹਨਾਂ ਦੇ ਬਰੇਕ ਫੇਲ੍ਹ ਹੋਣ, ਟਾਇਰ ਫਟਣ ਤੇ ਵਾਹਨ ਦੇ ਬੇਕਾਬੂ ਹੋਣ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ। ਖ਼ਾਸ ਕਰ ਕੇ ਪਿੰਡਾਂ ’ਚ ਸੜਕਾਂ ਦੀ ਚੌੜਾਈ ਘੱਟ ਹੋਣ ਤੇ ਬਿਜਲੀ ਤੇ ਟੈਲੀਫੋਨ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਓਵਰਲੋਡ ਵਾਹਨਾਂ ਨੂੰ ਲੰਘਣ ’ਚ ਮੁਸ਼ਕਲ ਪੇਸ਼ ਆਉਂਦੀ ਹੈ। ਕਈ ਵਾਰ ਅਜਿਹੇ ਵਾਹਨ ਤਾਰਾਂ ਨਾਲ ਟਕਰਾ ਜਾਂਦੇ ਹਨ, ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਜਾਨੀ ਨੁਕਸਾਨ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਓਵਰਲੋਡ ਵਾਹਨਾਂ ਕਾਰਨ ਸੜਕਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਤੇ ਟ੍ਰੈਫਿਕ ਜਾਮ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਓਵਰਲੋਡ ਵਾਹਨ ਚਾਲਕ ਨਾ ਤਾਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਆਪਣੀ ਜਾਂ ਦੂਜਿਆਂ ਦੀ ਜਾਨ ਦੀ ਪਰਵਾਹ ਹੁੰਦੀ ਹੈ। ਉਹ ਤੇਜ਼ ਰਫ਼ਤਾਰ ਨਾਲ ਵਾਹਨ ਚਲਾ ਕੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਟ੍ਰੈਫਿਕ ਮਾਹਿਰਾਂ ਦਾ ਮੰਨਣਾ ਹੈ ਕਿ ਸੜਕ ਸੁਰੱਖਿਆ ਸਿਰਫ਼ ਸਰਕਾਰ ਜਾਂ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ। ਜੇਕਰ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਨਿਰਧਾਰਤ ਭਾਰ ਤੋਂ ਵੱਧ ਸਮਾਨ ਨਾ ਲੱਦਣ ਅਤੇ ਸੁਰੱਖਿਅਤ ਢੰਗ ਨਾਲ ਵਾਹਨ ਚਲਾਉਣ ਤਾਂ ਕਈ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ। ਲੋੜ ਹੈ ਕਿ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਓਵਰਲੋਡ ਵਾਹਨਾਂ ਤੇ ਪ੍ਰਭਾਵਸ਼ਾਲੀ ਨਿਗਰਾਨੀ ਰੱਖੀ ਜਾਵੇ। ਇਸ ਨਾਲ ਨਾ ਸਿਰਫ਼ ਸੜਕ ਹਾਦਸਿਆਂ ਵਿੱਚ ਕਮੀ ਆਵੇਗੀ, ਸਗੋਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਵੀ ਯਕੀਨੀ ਬਣੇਗੀ।