ਬੇਕਾਬੂ ਕਾਰ ਸਤਿਸੰਗ ਘਰ ਦੇ ਗੇਟ ਨਾਲ ਟਕਰਾਈ, ਵਾਲ-ਵਾਲ ਬਚੇ ਸਵਾਰ
ਕੰਟਰੋਲ ਤੋਂ ਬਾਹਰ ਹੋਣ ਤੋਂ ਬਾਅਦ ਤੇਜ਼ ਰਫ਼ਤਾਰ ਕਾਰ ਹਾਈਵੇ ਕਿਨਾਰੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਦੀ ਸੁਰੱਖਿਆ ਗਰਿੱਲ ਨੂੰ ਤੋੜਦੀ ਹੋਈ ਸਿੱਧੀ ਮੁੱਖ ਗੇਟ ਦੇ ਪਿੱਲਰ ਨਾਲ ਜਾ ਟਕਰਾਈ।
Publish Date: Wed, 01 Jul 2026 04:13 PM (IST)
Updated Date: Wed, 01 Jul 2026 05:08 PM (IST)
ਨਵਜੋਤ ਸਿੰਘ.ਪੰਜਾਬੀ ਜਾਗਰਣ ਮੰਡੀ ਅਰਨੀਵਾਲਾ : ਫਾਜ਼ਿਲਕਾ-ਮਲੋਟ ਨੈਸ਼ਨਲ ਹਾਈਵੇ ਤੇ ਅਰਨੀਵਾਲਾ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਰਾਧਾ ਸੁਆਮੀ ਸਤਿਸੰਗ ਘਰ ਦੇ ਮੁੱਖ ਗੇਟ ਅਤੇ ਲੋਹੇ ਦੀ ਗਰਿੱਲ ਨਾਲ ਜਾ ਟਕਰਾਈ। ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਅਰਨੀਵਾਲਾ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਰੇਨ ਦੀ ਮਦਦ ਨਾਲ ਨੁਕਸਾਨੀ ਕਾਰ ਨੂੰ ਹਾਈਵੇ ਤੋਂ ਹਟਾ ਕੇ ਕਿਨਾਰੇ ਕਰਵਾਇਆ, ਤਾਂ ਜੋ ਆਵਾਜਾਈ ਪ੍ਰਭਾਵਿਤ ਨਾ ਹੋਵੇ। ਥਾਣਾ ਅਰਨੀਵਾਲਾ ਦੇ ਐੱਸਐੱਚਓ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਕਾਰ ਚਾਲਕ ਦਾ ਵਾਲ-ਵਾਲ ਬਚਾਅ ਹੋਇਆ ਹੈ। ਕਾਰ ਚਾਲਕ ਦੀ ਪਛਾਣ ਸਰਹੱਦੀ ਪਿੰਡ ਚੱਕ ਪੱਖੀ ਦੇ ਵਸਨੀਕ ਵਜੋਂ ਹੋਈ ਹੈ। ਉਹ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਆਪਣੀ ਕਾਰ ਰਾਹੀਂ ਮਲੋਟ ਤੋਂ ਫਾਜ਼ਿਲਕਾ ਵੱਲ ਆ ਰਿਹਾ ਸੀ। ਜਦੋਂ ਕਾਰ ਅਰਨੀਵਾਲਾ ਕਸਬਾ ਪਾਰ ਕਰਕੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਪੁੱਜੀ ਤਾਂ ਅਚਾਨਕ ਚਾਲਕ ਦਾ ਵਾਹਨ ਤੋਂ ਕੰਟਰੋਲ ਖੁੱਸ ਗਿਆ। ਕੰਟਰੋਲ ਤੋਂ ਬਾਹਰ ਹੋਣ ਤੋਂ ਬਾਅਦ ਤੇਜ਼ ਰਫ਼ਤਾਰ ਕਾਰ ਹਾਈਵੇ ਕਿਨਾਰੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਦੀ ਸੁਰੱਖਿਆ ਗਰਿੱਲ ਨੂੰ ਤੋੜਦੀ ਹੋਈ ਸਿੱਧੀ ਮੁੱਖ ਗੇਟ ਦੇ ਪਿੱਲਰ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਮੌਕੇ ਤੇ ਹਫੜਾ-ਦਫੜੀ ਮਚ ਗਈ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਕਾਰ ਚਾਲਕ ਨੂੰ ਸੁਰੱਖਿਅਤ ਬਾਹਰ ਕੱਢਿਆ।