ਪੂਰਨ ਸਤਿਗੁਰੂ ਦੀ ਸ਼ਰਨ ਨਾਲ ਹੀ ਵਿਸ਼ੇ-ਵਿਕਾਰਾਂ ’ਤੇ ਪਾਇਆ ਜਾ ਸਕਦੈ ਕਾਬੂ : ਸਾਧਵੀ ਕਿਰਨ ਭਾਰਤੀ ਪੂਰਨ ਸਤਿਗੁਰੂ ਦੀ ਸ਼ਰਨ ਨਾਲ ਹੀ ਵਿਸ਼ੇ-ਵਿਕਾਰਾਂ 'ਤੇ ਪਾਇਆ ਜਾ ਸਕਦਾ ਹੈ ਕਾਬੂ : ਸਾਧਵੀ ਕਿਰਨ ਭਾਰਤੀ
Publish Date: Thu, 02 Jul 2026 03:51 PM (IST)
Updated Date: Thu, 02 Jul 2026 03:53 PM (IST)
ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਜਲਾਲਾਬਾਦ ਦੇ ਸਥਾਨਕ ਆਸ਼ਰਮ ਵਿੱਚ ਸਪਤਾਹਿਕ ਸਤਿਸੰਗ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ਿਆ ਸਾਧਵੀ ਕਿਰਨ ਭਾਰਤੀ ਜੀ ਨੇ ‘ਗੁਰੂ ਭਗਤੀ ਅਤੇ ਵਿਸ਼ੇ-ਵਿਕਾਰਾਂ ’ਤੇ ਨਿਯੰਤਰਣ’ ਵਿਸ਼ੇ ’ਤੇ ਸੰਗਤ ਨੂੰ ਸੰਬੋਧਨ ਕੀਤਾ। ਸਾਧਵੀ ਕਿਰਨ ਭਾਰਤੀ ਜੀ ਨੇ ਕਿਹਾ ਕਿ ਮਨੁੱਖੀ ਜੀਵਨ ਪਰਮਾਤਮਾ ਦੀ ਅਨਮੋਲ ਦਾਤ ਹੈ, ਪਰ ਅੱਜ ਦਾ ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਰਗੇ ਵਿਸ਼ੇ-ਵਿਕਾਰਾਂ ਵਿੱਚ ਫਸ ਕੇ ਆਪਣੇ ਜੀਵਨ ਦੇ ਅਸਲ ਮਕਸਦ ਨੂੰ ਭੁੱਲਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨ ਦੀ ਚੰਚਲਤਾ ਅਤੇ ਇੰਦ੍ਰੀਆਂ ਦੀਆਂ ਇੱਛਾਵਾਂ ਮਨੁੱਖ ਨੂੰ ਅੰਦਰੂਨੀ ਸ਼ਾਂਤੀ ਤੋਂ ਦੂਰ ਕਰ ਦਿੰਦੀਆਂ ਹਨ ਅਤੇ ਇਨ੍ਹਾਂ ਵਿਕਾਰਾਂ ਤੇ ਕੇਵਲ ਆਪਣੀ ਇੱਛਾ-ਸ਼ਕਤੀ ਨਾਲ ਜਿੱਤ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਪੂਰਨ ਸਤਿਗੁਰੂ ਦੀ ਸ਼ਰਨ ਅਤੇ ਉਨ੍ਹਾਂ ਵੱਲੋਂ ਬਖ਼ਸ਼ੇ ਬ੍ਰਹਮ ਗਿਆਨ ਰਾਹੀਂ ਹੀ ਮਨੁੱਖ ਨੂੰ ਅੰਦਰੂਨੀ ਸ਼ਕਤੀ ਪ੍ਰਾਪਤ ਹੁੰਦੀ ਹੈ। ਜਦੋਂ ਮਨੁੱਖ ਨਿਯਮਿਤ ਸਾਧਨਾ, ਨਾਮ ਸਿਮਰਨ ਅਤੇ ਸੇਵਾ ਨਾਲ ਜੁੜਦਾ ਹੈ ਤਾਂ ਉਸ ਦਾ ਮਨ ਸ਼ੁੱਧ ਹੋਣ ਲੱਗਦਾ ਹੈ ਅਤੇ ਦਇਆ, ਨਿਮਰਤਾ, ਪ੍ਰੇਮ, ਸਹਿਣਸ਼ੀਲਤਾ ਅਤੇ ਸੇਵਾ ਵਰਗੇ ਦੈਵੀ ਗੁਣ ਜੀਵਨ ਦਾ ਹਿੱਸਾ ਬਣ ਜਾਂਦੇ ਹਨ। ਇਸ ਮੌਕੇ ਸਾਧਵੀ ਨੇ ਕਿਹਾ ਕਿ ਗੁਰੂ ਭਗਤੀ ਮਨੁੱਖ ਨੂੰ ਕੇਵਲ ਆਧਿਆਤਮਿਕ ਉੱਚਾਈ ਹੀ ਨਹੀਂ ਦਿੰਦੀ, ਸਗੋਂ ਉਸ ਨੂੰ ਇੱਕ ਚੰਗਾ ਇਨਸਾਨ, ਜ਼ਿੰਮੇਵਾਰ ਪਰਿਵਾਰਕ ਮੈਂਬਰ ਅਤੇ ਸਮਾਜ ਪ੍ਰਤੀ ਫ਼ਰਜ਼ਸ਼ਨਾਸ਼ ਨਾਗਰਿਕ ਵੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵੱਧ ਰਹੀ ਹਿੰਸਾ, ਨਸ਼ਾਖੋਰੀ, ਮਾਨਸਿਕ ਤਣਾਅ ਅਤੇ ਪਰਿਵਾਰਕ ਕਲੇਸ਼ ਦਾ ਮੁੱਖ ਕਾਰਨ ਮਨੁੱਖ ਦਾ ਆਪਣੇ ਆਤਮਿਕ ਸਰੂਪ ਤੋਂ ਦੂਰ ਹੋਣਾ ਹੈ। ਜੇਕਰ ਹਰ ਵਿਅਕਤੀ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਬ੍ਰਹਮ ਗਿਆਨ ਅਨੁਸਾਰ ਜੀਵਨ ਬਤੀਤ ਕਰੇ ਤਾਂ ਸਮਾਜ ਵਿੱਚ ਪ੍ਰੇਮ, ਭਾਈਚਾਰੇ ਅਤੇ ਸਦਭਾਵਨਾ ਦਾ ਮਾਹੌਲ ਸਥਾਪਿਤ ਹੋ ਸਕਦਾ ਹੈ। ਉਨ੍ਹਾਂ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਵਿਅਸਤ ਜੀਵਨ ਵਿੱਚੋਂ ਕੁਝ ਸਮਾਂ ਪਰਮਾਤਮਾ ਦੀ ਭਗਤੀ, ਸਤਿਸੰਗ, ਸੇਵਾ ਅਤੇ ਸਾਧਨਾ ਲਈ ਜ਼ਰੂਰ ਕੱਢਣ, ਕਿਉਂਕਿ ਇਹੀ ਜੀਵਨ ਨੂੰ ਸਾਰਥਕ, ਸਫਲ ਅਤੇ ਆਨੰਦਮਈ ਬਣਾਉਣ ਦਾ ਸੱਚਾ ਮਾਰਗ ਹੈ। ਇਸ ਮੌਕੇ ਸਾਧਵੀ ਪੂਜਾ ਭਾਰਤੀ ਜੀ ਨੇ ਭਾਵਪੂਰਣ ਭਜਨਾਂ ਰਾਹੀਂ ਗੁਰੂ ਮਹਿਮਾ ਅਤੇ ਪਰਮਾਤਮਾ ਦੇ ਨਾਮ ਦਾ ਗੁਣਗਾਨ ਕੀਤਾ, ਜਿਸ ਨਾਲ ਸਮੁੱਚਾ ਮਾਹੌਲ ਭਗਤੀਮਈ ਬਣ ਗਿਆ। ਇਸ ਮੌਕੇ ਸੰਗਤ ਨੇ ਪ੍ਰਸਾਦ ਗ੍ਰਹਿਣ ਕੀਤਾ।