ਜਲਾਲਾਬਾਦ ਤੇ ਅਰਨੀਵਾਲਾ 'ਚ 'ਆਪ' ਨੂੰ ਸਪੱਸ਼ਟ ਬਹੁਮਤ ਜਲਾਲਾਬਾਦ 'ਚ ਚਮਕੇ ਵਿਧਾਇਕ ਗੋਲਡੀ ਕੰਬੋਜ, ਨੇੜਲੇ ਸ਼ਹਿਰਾਂ ਨਾਲੋਂ 'ਆਪ' ਦਾ ਰਿਹਾ ਬਿਹਤਰ ਪ੍ਰਦਰਸ਼ਨ
Publish Date: Wed, 08 Jul 2026 03:35 PM (IST)
Updated Date: Wed, 08 Jul 2026 03:36 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੰਜਾਬ ਦੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦੇ ਐਲਾਨੇ ਨਤੀਜਿਆਂ ਤੋਂ ਬਾਅਦ ਜਲਾਲਾਬਾਦ ਵਿਧਾਨ ਸਭਾ ਹਲਕਾ ਇੱਕ ਵਾਰ ਫਿਰ ਸਿਆਸੀ ਚਰਚਾ ਦਾ ਕੇਂਦਰ ਬਣ ਗਿਆ ਹੈ। ਜਿੱਥੇ ਸੂਬੇ ਦੇ ਕਈ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ-ਜੁਲੇ ਨਤੀਜੇ ਮਿਲੇ, ਉੱਥੇ ਜਲਾਲਾਬਾਦ ਅਤੇ ਅਰਨੀਵਾਲਾ ਵਿੱਚ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੱਸ਼ਟ ਬਹੁਮਤ ਹਾਸਲ ਕੀਤਾ। ਇਨ੍ਹਾਂ ਨਤੀਜਿਆਂ ਨੇ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਸਿਆਸੀ ਕਾਰਗੁਜ਼ਾਰੀ ਅਤੇ ਸੰਗਠਨਾਤਮਕ ਸਮਰੱਥਾ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਜਲਾਲਾਬਾਦ ਨਗਰ ਕੌਂਸਲ ਦੀਆਂ 17 ਵਿੱਚੋਂ 12 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨਾਲ ਪਾਰਟੀ ਨੇ ਇਕਪਾਸੜ ਬਹੁਮਤ ਹਾਸਲ ਕਰ ਲਿਆ। ਕਾਂਗਰਸ ਨੂੰ ਚਾਰ ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਨਾਲ ਸੰਤੁਸ਼ਟ ਹੋਣਾ ਪਿਆ, ਜਦਕਿ ਭਾਜਪਾ ਖਾਤਾ ਖੋਲ੍ਹਣ ਵਿੱਚ ਵੀ ਕਾਮਯਾਬ ਨਹੀਂ ਹੋ ਸਕੀ। ਇਸੇ ਤਰ੍ਹਾਂ ਅਰਨੀਵਾਲਾ ਨਗਰ ਕੌਂਸਲ ਵਿੱਚ ਵੀ ਆਮ ਆਦਮੀ ਪਾਰਟੀ ਨੇ ਬਹੁਮਤ ਪ੍ਰਾਪਤ ਕਰਕੇ ਆਪਣੀ ਸਥਿਤੀ ਮਜ਼ਬੂਤ ਕੀਤੀ। ਇਸ ਦੇ ਉਲਟ ਨੇੜਲੇ ਸ਼ਹਿਰਾਂ ਵਿੱਚ ਚੋਣ ਨਤੀਜੇ ਵੱਖਰੀ ਤਸਵੀਰ ਪੇਸ਼ ਕਰਦੇ ਹਨ। ਅਬੋਹਰ ਨਗਰ ਨਿਗਮ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ, ਜਦਕਿ ਫਾਜ਼ਿਲਕਾ ਨਗਰ ਕੌਂਸਲ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਅਤੇ ਕਾਂਗਰਸ ਦੂਜੇ ਸਥਾਨ ਤੇ ਰਹੀ। ਆਮ ਆਦਮੀ ਪਾਰਟੀ ਇੱਥੇ ਤੀਜੇ ਨੰਬਰ ਤੇ ਰਹੀ। ਗੁਰੂਹਰਸਹਾਏ ਵਿੱਚ ਵੀ ਪਾਰਟੀ ਨੂੰ ਉਮੀਦਾਂ ਮੁਤਾਬਕ ਸਫ਼ਲਤਾ ਨਹੀਂ ਮਿਲ ਸਕੀ। ਇਸ ਕਾਰਨ ਜਲਾਲਾਬਾਦ ਅਤੇ ਅਰਨੀਵਾਲਾ ਦੇ ਨਤੀਜੇ ਹੋਰ ਵੀ ਮਹੱਤਵਪੂਰਨ ਮੰਨੇ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਥਾਨਕ ਚੋਣਾਂ ਵਿੱਚ ਉਮੀਦਵਾਰਾਂ ਦੀ ਨਿੱਜੀ ਪਹੁੰਚ, ਸੰਗਠਨ ਦੀ ਸਰਗਰਮੀ ਅਤੇ ਵਿਧਾਇਕ ਦੀ ਲੋਕਾਂ ਨਾਲ ਨਿਰੰਤਰ ਸਾਂਝ ਅਹਿਮ ਭੂਮਿਕਾ ਨਿਭਾਉਂਦੀ ਹੈ। ਜਲਾਲਾਬਾਦ ਹਲਕੇ ਵਿੱਚ ਵਿਧਾਇਕ ਗੋਲਡੀ ਕੰਬੋਜ ਵੱਲੋਂ ਪਿਛਲੇ ਸਮੇਂ ਦੌਰਾਨ ਵਿਕਾਸ ਕਾਰਜਾਂ, ਲੋਕਾਂ ਨਾਲ ਸਿੱਧੇ ਸੰਪਰਕ ਅਤੇ ਪਾਰਟੀ ਸੰਗਠਨ ਨੂੰ ਸਰਗਰਮ ਰੱਖਣ ਦੇ ਯਤਨਾਂ ਦਾ ਅਸਰ ਵੀ ਚੋਣ ਨਤੀਜਿਆਂ ਵਿੱਚ ਨਜ਼ਰ ਆਇਆ। ਹਾਲਾਂਕਿ ਸਿਆਸੀ ਵਿਸ਼ਲੇਸ਼ਕ ਇਹ ਵੀ ਮੰਨਦੇ ਹਨ ਕਿ ਸਥਾਨਕ ਚੋਣਾਂ ਦੇ ਨਤੀਜਿਆਂ ਨੂੰ ਸਿੱਧੇ ਤੌਰ ਤੇ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਦਾ ਸੰਕੇਤ ਨਹੀਂ ਮੰਨਿਆ ਜਾ ਸਕਦਾ। ਚੋਣ ਨਤੀਜਿਆਂ ਤੋਂ ਬਾਅਦ ਜਲਾਲਾਬਾਦ ਅਤੇ ਅਰਨੀਵਾਲਾ ਵਿੱਚ ਆਮ ਆਦਮੀ ਪਾਰਟੀ ਦੇ ਬੋਰਡ ਬਣਨ ਦਾ ਰਾਹ ਸਾਫ਼ ਹੋ ਗਿਆ ਹੈ। ਹੁਣ ਲੋਕਾਂ ਦੀਆਂ ਉਮੀਦਾਂ ਨਵੀਂਆਂ ਨਗਰ ਕੌਂਸਲਾਂ ਨਾਲ ਜੁੜ ਗਈਆਂ ਹਨ। ਸਫ਼ਾਈ, ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ, ਸੜਕਾਂ, ਸਟਰੀਟ ਲਾਈਟਾਂ ਅਤੇ ਸ਼ਹਿਰੀ ਵਿਕਾਸ ਵਰਗੇ ਮੁੱਦੇ ਨਵੇਂ ਬੋਰਡ ਲਈ ਵੱਡੀ ਚੁਣੌਤੀ ਹੋਣਗੇ। ਇਨ੍ਹਾਂ ਵਾਅਦਿਆਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਹੀ ਨਵੀਂ ਟੀਮ ਦੀ ਅਸਲ ਕਸੌਟੀ ਹੋਵੇਗੀ। ਇਨ੍ਹਾਂ ਨਤੀਜਿਆਂ ਨੇ ਇੱਕ ਵਾਰ ਫਿਰ ਇਹ ਸਾਬਤ ਕੀਤਾ ਹੈ ਕਿ ਸਥਾਨਕ ਚੋਣਾਂ ਵਿੱਚ ਵੋਟਰਾਂ ਦਾ ਫ਼ੈਸਲਾ ਕਾਫ਼ੀ ਹੱਦ ਤੱਕ ਇਲਾਕੇ ਦੀ ਲੀਡਰਸ਼ਿਪ, ਵਿਕਾਸ ਕਾਰਜਾਂ ਅਤੇ ਜਨ ਸੰਪਰਕ ਤੇ ਨਿਰਭਰ ਕਰਦਾ ਹੈ। ਜਲਾਲਾਬਾਦ ਅਤੇ ਅਰਨੀਵਾਲਾ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਵਿਧਾਇਕ ਗੋਲਡੀ ਕੰਬੋਜ ਨੂੰ ਸਿਆਸੀ ਤੌਰ ਤੇ ਮਜ਼ਬੂਤੀ ਦਿੱਤੀ ਹੈ, ਜਦਕਿ ਨੇੜਲੇ ਸ਼ਹਿਰਾਂ ਦੇ ਵੱਖਰੇ ਨਤੀਜਿਆਂ ਨੇ ਸੂਬੇ ਦੇ ਬਦਲਦੇ ਸਿਆਸੀ ਸਮੀਕਰਨਾਂ ਦੀ ਵੀ ਝਲਕ ਪੇਸ਼ ਕੀਤੀ ਹੈ।