ਅਨਾਜ ਮੰਡੀ ਫਾਜ਼ਿਲਕਾ ਵਿੱਚ ਮਜ਼ਦੂਰ ਦਿਵਸ ਧੂਮਧਾਮ ਨਾਲ ਮਨਾਇਆ
ਅਨਾਜ ਮੰਡੀ ਫਾਜ਼ਿਲਕਾ ਵਿੱਚ ਮਜ਼ਦੂਰ ਦਿਵਸ ਧੂਮਧਾਮ ਨਾਲ ਮਨਾਇਆ
Publish Date: Fri, 01 May 2026 05:25 PM (IST)
Updated Date: Fri, 01 May 2026 05:26 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਸਥਾਨਕ ਅਨਾਜ ਮੰਡੀ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ, ਜਿਸ ਦੌਰਾਨ ਦੇਸ਼ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਮਜ਼ਦੂਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਮਜ਼ਦੂਰ ਸੰਗਠਨਾਂ ਦੇ ਪ੍ਰਤੀਨਿਧੀਆਂ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਭਾਗ ਲਿਆ।ਸਮਾਗਮ ਲਕਸ਼ਮੀ ਅਤੇ ਵਿਜੇ ਬਾਗੜੀ ਦੀ ਦੇਖਰੇਖ ਹੇਠ ਕਰਵਾਇਆ ਗਿਆ। ਇਸ ਦੌਰਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਰਸ਼ਨ ਢਿੱਲੋਂ, ਸ਼ੈਲਰ ਵਰਕਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸਾਜਨ ਗੁਗਲਾਨੀ, ਪੱਲੇਦਾਰ ਯੂਨੀਅਨ ਦੇ ਆਗੂ ਪੰਮਾ, ਬੀਰਾ ਅਤੇ ਛਿੰਦਰ ਸਮੇਤ ਹੋਰ ਆਗੂ ਮੌਜੂਦ ਰਹੇ। ਆਗੂਆਂ ਨੇ ਮਜ਼ਦੂਰਾਂ ਨੂੰ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਜ ਵਿੱਚ ਉਨ੍ਹਾਂ ਦੀ ਮਹੱਤਤਾ ਉਜਾਗਰ ਕੀਤੀ।ਇਸ ਮੌਕੇ ਮਜ਼ਦੂਰਾਂ ਦੇ ਮੂੰਹ ਮਿੱਠੇ ਕਰਨ ਲਈ ਲੱਡੂ ਵੰਡੇ ਗਏ ਅਤੇ ਯੂਨੀਅਨ ਆਗੂਆਂ ਨੇ ਖੁਦ ਮਜ਼ਦੂਰਾਂ ਨੂੰ ਲੱਡੂ ਖੁਆ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਵਧਦੀ ਗਰਮੀ ਨੂੰ ਦੇਖਦੇ ਹੋਏ ਮੰਡੀ ਅੰਦਰ ਠੰਡੇ ਤੇ ਮਿੱਠੇ ਪਾਣੀ ਦੇ ਸਟਾਲ ਵੀ ਲਗਾਏ ਗਏ, ਜਿਸ ਨਾਲ ਮਜ਼ਦੂਰਾਂ ਨੂੰ ਰਾਹਤ ਮਿਲੀ। ਸਾਜਨ ਗੁਗਲਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਜ ਦਾ ਬੁਨਿਆਦੀ ਢਾਂਚਾ ਮਜ਼ਦੂਰਾਂ ਦੀ ਮਿਹਨਤ ਤੇ ਨਿਰਭਰ ਕਰਦਾ ਹੈ ਅਤੇ ਉਨ੍ਹਾਂ ਦੇ ਬਿਨਾਂ ਅਨਾਜ ਮੰਡੀ ਦੀ ਗਤੀਵਿਧੀਆਂ ਸੰਭਵ ਨਹੀਂ। ਉਨ੍ਹਾਂ ਏਕਤਾ ਬਣਾਈ ਰੱਖਣ ਅਤੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ।ਅੰਤ ਵਿੱਚ ਦਰਸ਼ਨ ਢਿੱਲੋਂ ਨੇ ਮੌਜੂਦ ਮਜ਼ਦੂਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਜ਼ਦੂਰਾਂ ਦਾ ਸਨਮਾਨ ਕਰਨਾ ਹੀ ਇਸ ਦਿਨ ਦਾ ਅਸਲ ਮਕਸਦ ਹੈ। ਸਮਾਗਮ ਵਿੱਚ ਮਾਰਕੀਟ ਦੇ ਹੋਰ ਕਰਮਚਾਰੀ ਅਤੇ ਸਥਾਨਕ ਨਾਗਰਿਕ ਵੀ ਹਾਜ਼ਰ ਸਨ।