ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡੀਪੀਆਈ ਸਕੈਂਡਰੀ ਨਾਲ ਕੀਤੀ ਚਰਚਾ
ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡੀਪੀਆਈ ਸਕੈਂਡਰੀ ਨਾਲ ਅਹਿਮ ਮੀਟਿੰਗ
Publish Date: Wed, 17 Jun 2026 04:34 PM (IST)
Updated Date: Wed, 17 Jun 2026 04:36 PM (IST)

ਦੀਪਕ ਕੁਮਾਰ ਡੀਕੇ.ਪੰਜਾਬੀ ਜਾਗਰਣ ਫਾਜ਼ਿਲਕਾ : ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਸਕੱਤਰ ਸਿੰਘ ਬੱਲ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ 1377 ਅਧਿਆਪਕਾਂ ਦੇ ਟਰਾਂਸਫਰ ਡਾਟਾ ਵਿੱਚ ਆ ਰਹੇ ਮਿਸਮੈਚ ਦੇ ਮਾਮਲੇ ਨੂੰ ਮੁੱਖ ਤੌਰ ਤੇ ਉਠਾਇਆ ਗਿਆ, ਜਿਸ ਉਪਰੰਤ ਵਿਭਾਗ ਵੱਲੋਂ ਟਰਾਂਸਫਰ ਪੋਰਟਲ ਦੁਬਾਰਾ ਖੋਲ੍ਹ ਦਿੱਤਾ ਗਿਆ। ਜਥੇਬੰਦੀ ਦੇ ਆਗੂ ਦਲਜੀਤ ਸਿੰਘ ਸੱਭਰਵਾਲ (ਜੁਆਇੰਟ ਜਨਰਲ ਸਕੱਤਰ ਪੰਜਾਬ), ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਕਟਵਾਲ, ਸਰਪ੍ਰਸਤ ਧਰਮਿੰਦਰ ਗੁਪਤਾ ਅਤੇ ਜ਼ਿਲ੍ਹਾ ਕੈਸ਼ੀਅਰ ਪਵਨ ਕਾਵਾਂਵਾਲੀ ਨੇ ਦੱਸਿਆ ਕਿ 15 ਜੂਨ ਨੂੰ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਅਤੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਡੀਪੀਆਈ ਸੈਕੰਡਰੀ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ 1377 ਅਧਿਆਪਕਾਂ ਦੇ ਟਰਾਂਸਫਰ ਸਬੰਧੀ ਮਿਸਮੈਚ ਡਾਟੇ ਦਾ ਮੁੱਦਾ ਉਠਾਇਆ। ਇਸ ਤੇ ਡੀਪੀਆਈ ਸੈਕੰਡਰੀ ਵੱਲੋਂ ਮੌਕੇ ਤੇ ਹੀ ਪੋਰਟਲ ਖੋਲ੍ਹ ਦਿੱਤਾ ਗਿਆ ਅਤੇ ਸਾਰੇ ਡੀਡੀਓਜ਼ ਨੂੰ ਡਾਟਾ ਦਰੁਸਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਸਬੰਧੀ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵੀ ਵੀਡੀਓ ਕਾਨਫਰੰਸ ਰਾਹੀਂ ਨਿਰਦੇਸ਼ ਦਿੱਤੇ ਗਏ। ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਏਸੀਆਰ (ACR) ਨਾਲ ਸਬੰਧਤ ਰਹਿ ਗਈਆਂ ਕਾਰਵਾਈਆਂ ਬਾਰੇ ਵੀ ਚਰਚਾ ਹੋਈ। ਡੀਪੀਆਈ ਵੱਲੋਂ ਭਰੋਸਾ ਦਿੱਤਾ ਗਿਆ ਕਿ ਡੀਡੀਓ ਆਪਣੇ ਪੱਧਰ ਤੇ ਹਾਰਡ ਕਾਪੀ ਰਾਹੀਂ ਸੈਲਫ ਅਪ੍ਰੇਜ਼ਲ ਦੀ ਕਾਰਵਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਐਸਐਸਏ/ਰਮਸਾ ਅਧੀਨ ਸੇਵਾ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਅਨੁਸਾਰ ਮਿਲਣ ਵਾਲੀਆਂ ਛੁੱਟੀਆਂ ਦੇ ਮਸਲੇ ਤੇ ਵੀ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ।ਬਾਰਡਰ ਕੇਡਰ ਨਾਲ ਸਬੰਧਤ ਮਾਮਲੇ ਤੇ ਡੀਪੀਆਈ ਨੇ ਦੱਸਿਆ ਕਿ ਸਪੈਸ਼ਲ ਇੰਕਰੀਮੈਂਟ ਸਬੰਧੀ ਤਕਨੀਕੀ ਉਲਝਣਾਂ ਦੂਰ ਕਰਨ ਲਈ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦ ਮਸਲਾ ਹੱਲ ਕੀਤਾ ਜਾਵੇਗਾ। ਪ੍ਰਮੋਸ਼ਨਾਂ ਸਬੰਧੀ ਚਰਚਾ ਦੌਰਾਨ ਦੱਸਿਆ ਗਿਆ ਕਿ ਈਟੀਟੀ ਤੋਂ ਮਾਸਟਰ ਕੇਡਰ ਲਈ ਪ੍ਰਮੋਸ਼ਨ ਦੀ ਲੀਗਲ ਪ੍ਰਕਿਰਿਆ ਚੱਲ ਰਹੀ ਹੈ, ਜਿਸ ਨੂੰ ਜਲਦ ਪੂਰਾ ਕਰਕੇ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ। ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪ੍ਰਮੋਸ਼ਨਾਂ ਬਾਰੇ ਵੀ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਪਹਿਲਾਂ 1013 ਡਾਇਰੈਕਟ ਲੈਕਚਰਾਰਾਂ ਦੀ ਭਰਤੀ ਲਈ ਇੱਕ ਹਫਤੇ ਅੰਦਰ ਇਸ਼ਤਿਹਾਰ ਜਾਰੀ ਕਰਨ ਦੀ ਗੱਲ ਕਹੀ ਗਈ। ਮਿਡਲ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਬਦਲੀਆਂ ਦੌਰਾਨ ਭਰਨ ਅਤੇ ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਟ ਹੋਏ 2021 ਅਤੇ 2024 ਬੈਚ ਦੇ ਲੈਫਟ ਆਊਟ ਕੇਸਾਂ ਦੀ ਨੋਸ਼ਨਲ ਫਿਕਸੇਸ਼ਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਜਥੇਬੰਦੀ ਵੱਲੋਂ ਅਧਿਆਪਕਾਂ ਤੋਂ ਗੈਰ-ਵਿਦਿਅਕ ਕੰਮ ਨਾ ਲੈਣ ਦੀ ਅਪੀਲ ਵੀ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਅਤੇ ਅਧਿਆਪਕ ਹਾਜ਼ਰ ਰਹੇ।