ਫਾਜ਼ਿਲਕਾ ਵਾਸੀਆਂ ਨੂੰ 46 ਕਰੋੜ ਰੁਪਏ ਦੇ ਸੱਤ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ
ਫਾਜ਼ਿਲਕਾ ਵਾਸੀਆਂ ਨੂੰ 46 ਕਰੋੜ ਰੁਪਏ ਦੇ ਸੱਤ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ
Publish Date: Tue, 23 Jun 2026 08:51 PM (IST)
Updated Date: Tue, 23 Jun 2026 08:55 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਸਿੰਘ ਗੋਇਲ ਨੇ ਅੱਜ ਫਾਜ਼ਿਲਕਾ ਹਲਕੇ ਦੇ ਲੋਕਾਂ ਨੂੰ ਕਰੀਬ 45.74 ਕਰੋੜ ਰੁਪਏ ਦੀ ਲਾਗਤ ਵਾਲੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਵੱਡੀ ਸੌਗਾਤ ਦਿੱਤੀ। ਇਸ ਦੌਰਾਨ ਉਨ੍ਹਾਂ 33.51 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਦਕਿ 8.89 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੀ.ਆਰ. ਬਰਿੱਜ ਅਤੇ 3.34 ਕਰੋੜ ਰੁਪਏ ਦੇ ਤਿੰਨ ਹੋਰ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ। ਇਨ੍ਹਾਂ ਪ੍ਰਾਜੈਕਟਾਂ ਤਹਿਤ 42.56 ਕਿਲੋਮੀਟਰ ਨਹਿਰਾਂ ਦੀ ਕੰਕਰੀਟ ਲਾਈਨਿੰਗ, 81.36 ਕਿਲੋਮੀਟਰ ਖਾਲਿਆਂ ਨੂੰ ਪੱਕਾ ਕਰਨ, ਸਾਂਝਾ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਯੋਜਨਾਵਾਂ ਅਤੇ ਸੇਮ-ਗ੍ਰਸਤ ਜ਼ਮੀਨ ਦੇ ਸੁਧਾਰ ਨਾਲ ਸਬੰਧਤ ਕੰਮ ਸ਼ਾਮਲ ਹਨ। ਮੰਤਰੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਮੁੱਖ ਉਦੇਸ਼ ਨਹਿਰੀ ਪਾਣੀ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣਾ ਅਤੇ ਟੇਲਾਂ ਤੱਕ ਪਾਣੀ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਆਪਣੇ ਸੰਬੋਧਨ ਦੌਰਾਨ ਮੰਤਰੀ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਫਿਰੋਜ਼ਪੁਰ ਕੈਨਾਲ ਸਰਕਲ ਅਧੀਨ ਨਹਿਰਾਂ ਦੀ ਲਾਈਨਿੰਗ ਅਤੇ ਖਾਲਿਆਂ ਨੂੰ ਪੱਕਾ ਕਰਨ ਦੇ ਕੰਮ ਮੁਕੰਮਲ ਹੋਣ ਨਾਲ ਪਾਣੀ ਦਾ ਵਹਾਅ ਬਿਹਤਰ ਬਣਿਆ ਹੈ ਅਤੇ ਟੇਲਾਂ ਤੱਕ ਪਾਣੀ ਦੀ ਪਹੁੰਚ ਵਿੱਚ ਮਹੱਤਵਪੂਰਨ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਕੱਚੇ ਖਾਲਿਆਂ ਨੂੰ ਪੱਕਾ ਕਰਨ ਨਾਲ ਪਾਣੀ ਦੀ ਬਰਬਾਦੀ ਘਟੀ ਹੈ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਵਧੇਰੇ ਮਾਤਰਾ ਵਿੱਚ ਮਿਲ ਰਿਹਾ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਟੇਲਾਂ ਤੱਕ ਪਾਣੀ ਪਹੁੰਚਾਉਣ ਨੂੰ ਤਰਜੀਹ ਦਿੱਤੀ ਹੈ, ਜਿਸ ਕਾਰਨ ਟੇਲਾਂ ’ਤੇ ਪਾਣੀ ਦੀ ਉਪਲਬਧਤਾ 26 ਫੀਸਦੀ ਤੋਂ ਵਧ ਕੇ 80 ਫੀਸਦੀ ਤੱਕ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਸਿੰਚਾਈ ਇਤਿਹਾਸ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਇਸ ਮੌਕੇ ਮੰਤਰੀ ਨੇ ਪਿੰਡ ਵੱਲੇ ਸ਼ਾਹ ਉਤਾੜ (ਨੂਰਸ਼ਾਹ) ਤੋਂ ਵੱਲੇ ਸ਼ਾਹ ਹਿਠਾੜ (ਗੁਲਾਬਾ ਭੈਣੀ) ਨੂੰ ਜੋੜਨ ਲਈ ਸਤਲੁਜ ਕਰੀਕ ’ਤੇ ਬਣਨ ਵਾਲੇ 8.89 ਕਰੋੜ ਰੁਪਏ ਦੇ ਵੀ.ਆਰ. ਬਰਿੱਜ ਦਾ ਨੀਂਹ ਪੱਥਰ ਵੀ ਰੱਖਿਆ। ਕਰੀਬ 370 ਫੁੱਟ ਲੰਬਾ ਇਹ ਬਰਿੱਜ ਜੂਨ 2027 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਬਰਿੱਜ ਦੇ ਬਣਨ ਨਾਲ ਵੱਲੇ ਸ਼ਾਹ ਹਿਠਾੜ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ-1 ਸਮੇਤ 11 ਤੋਂ 12 ਪਿੰਡਾਂ ਦੇ ਲੋਕਾਂ ਦੀ ਆਵਾਜਾਈ ਸੁਖਾਲੀ ਹੋਵੇਗੀ ਅਤੇ ਜਲਾਲਾਬਾਦ ਤੱਕ ਦਾ ਸਫ਼ਰ 15 ਤੋਂ 20 ਕਿਲੋਮੀਟਰ ਘੱਟ ਹੋ ਜਾਵੇਗਾ। ਭੂਮੀ ਅਤੇ ਜਲ ਸੰਭਾਲ ਵਿਭਾਗ ਨਾਲ ਸਬੰਧਤ ਪ੍ਰਾਜੈਕਟਾਂ ਵਿੱਚ 30 ਲੱਖ ਰੁਪਏ ਦੇ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ, ਜਦਕਿ 51 ਲੱਖ ਰੁਪਏ ਦੀ ਲਾਗਤ ਵਾਲੀ ਹੋਰ ਪਾਈਪਲਾਈਨ ਯੋਜਨਾ, ਪਿੰਡ ਖੂਈਖੇੜਾ ਵਿਖੇ 83 ਲੱਖ ਰੁਪਏ ਦੇ ਵਰਟੀਕਲ ਡਰੇਨੇਜ ਸਿਸਟਮ ਅਤੇ ਸੋਲਰ ਪੰਪ ਪ੍ਰਾਜੈਕਟ ਅਤੇ ਪਿੰਡ ਲੱਖੇਵਾਲੀ ਢਾਬ ਵਿਖੇ 2 ਕਰੋੜ ਰੁਪਏ ਦੀ ਲਾਗਤ ਵਾਲੇ ਸੇਮ-ਗ੍ਰਸਤ ਜ਼ਮੀਨ ਸੁਧਾਰ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ। ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸੂਬੇ ਭਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਿੰਚਾਈ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ। ਇਸ ਮੌਕੇ ਜਲ ਸਰੋਤ ਵਿਭਾਗ ਦੇ ਸੁਪਰੀਡੈਂਟਿੰਗ ਇੰਜੀਨੀਅਰ ਸੰਦੀਪ ਗੋਇਲ, ਕਾਰਜਕਾਰੀ ਇੰਜੀਨੀਅਰ ਗਿਤੇਸ਼ ਉਪਵੇਜਾ, ਕਾਰਜਕਾਰੀ ਇੰਜੀਨੀਅਰ ਸੁਖਜੀਤ ਸਿੰਘ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।