ਫਾਜ਼ਿਲਕਾ ਦੇ ਬਾਜ਼ਾਰਾਂ ’ਚ ਪਸਰੀ ਸੁੰਨ, 250 ਤੋਂ ਵੱਧ ਦੁਕਾਨਾਂ ਤਿੰਨ ਦਿਨ ਲਈ ਬੰਦ
ਫਾਜ਼ਿਲਕਾ ਦੇ ਬਾਜ਼ਾਰਾਂ ਵਿੱਚ ਛਾਈ ਸੁੰਨਸਾਨੀ, 250 ਤੋਂ ਵੱਧ ਦੁਕਾਨਾਂ ਤਿੰਨ ਦਿਨਾਂ ਲਈ ਬੰਦ
Publish Date: Sat, 27 Jun 2026 05:43 PM (IST)
Updated Date: Sat, 27 Jun 2026 05:46 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਮੁੱਖ ਬਾਜ਼ਾਰਾਂ ਵਿੱਚ ਇਨ੍ਹਾਂ ਦਿਨਾਂ ਅਸਾਧਾਰਨ ਸੁੰਨਸਾਨੀ ਦੇਖਣ ਨੂੰ ਮਿਲ ਰਹੀ ਹੈ। ਆਮ ਦਿਨਾਂ ਵਿੱਚ ਰੌਣਕ ਅਤੇ ਗਾਹਕਾਂ ਦੀ ਭੀੜ ਨਾਲ ਗੂੰਜਣ ਵਾਲਾ ਚੌਕ ਘੰਟਾਘਰ ਅਤੇ ਆਲੇ-ਦੁਆਲੇ ਦੇ ਬਾਜ਼ਾਰ ਇਨ੍ਹਾਂ ਦਿਨਾਂ ਸੁੰਨੇ ਨਜ਼ਰ ਆ ਰਹੇ ਹਨ। ਇਸ ਦਾ ਮੁੱਖ ਕਾਰਨ ਕਰਿਆਨਾ ਅਤੇ ਮੋਬਾਈਲ ਵਪਾਰੀਆਂ ਸਮੇਤ ਵੱਖ-ਵੱਖ ਵਪਾਰਕ ਯੂਨੀਅਨਾਂ ਵੱਲੋਂ ਸਮੂਹਿਕ ਛੁੱਟੀਆਂ ਮਨਾਉਣ ਲਈ ਦੁਕਾਨਾਂ ਬੰਦ ਰੱਖਣਾ ਹੈ। ਜਾਣਕਾਰੀ ਅਨੁਸਾਰ ਕਰਿਆਨਾ ਐਸੋਸੀਏਸ਼ਨ ਨੇ 28 ਜੂਨ ਤੱਕ ਆਪਣੀਆਂ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਪਹਿਲਾਂ ਹੀ ਸ਼ਹਿਰ ਵਿੱਚ ਐਲਾਨ ਕਰਕੇ ਲੋਕਾਂ ਨੂੰ ਜ਼ਰੂਰੀ ਰਾਸ਼ਨ ਅਤੇ ਹੋਰ ਸਮਾਨ ਪਹਿਲਾਂ ਹੀ ਖਰੀਦਣ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਰਿਆਨਾ ਐਸੋਸੀਏਸ਼ਨ ਨਾਲ ਜੁੜੀਆਂ 150 ਤੋਂ ਵੱਧ ਦੁਕਾਨਾਂ ਇਨ੍ਹਾਂ ਤਿੰਨ ਦਿਨਾਂ ਦੌਰਾਨ ਪੂਰੀ ਤਰ੍ਹਾਂ ਬੰਦ ਹਨ। ਦੂਜੇ ਪਾਸੇ ਮੋਬਾਈਲ ਯੂਨੀਅਨ ਦੇ ਮੈਂਬਰਾਂ ਨੇ ਵੀ ਸਮੂਹਿਕ ਛੁੱਟੀਆਂ ਦੇ ਮੱਦੇਨਜ਼ਰ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹਨ। ਸ਼ਹਿਰ ਦੀਆਂ ਕਰੀਬ 100 ਮੋਬਾਈਲ ਦੁਕਾਨਾਂ ਦੇ ਬੰਦ ਰਹਿਣ ਕਾਰਨ ਬਾਜ਼ਾਰਾਂ ਦੀ ਰੌਣਕ ਕਾਫ਼ੀ ਘੱਟ ਗਈ ਹੈ ਅਤੇ ਮੁੱਖ ਬਾਜ਼ਾਰਾਂ ਵਿੱਚ ਆਮ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਚਹਿਲ-ਪਹਿਲ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਇਹ ਫ਼ੈਸਲਾ ਵਪਾਰਕ ਯੂਨੀਅਨਾਂ ਦੀ ਸਹਿਮਤੀ ਨਾਲ ਲਿਆ ਗਿਆ ਹੈ ਅਤੇ ਸਾਰੇ ਮੈਂਬਰਾਂ ਲਈ ਇਸ ਦੀ ਪਾਲਣਾ ਕਰਨਾ ਲਾਜ਼ਮੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਮੈਂਬਰ ਯੂਨੀਅਨ ਦੇ ਫ਼ੈਸਲੇ ਦੇ ਉਲਟ ਦੁਕਾਨ ਖੋਲ੍ਹਦਾ ਹੈ ਤਾਂ ਉਸ ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।ਵਪਾਰੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਬਾਅਦ ਉਨ੍ਹਾਂ ਨੂੰ ਸਮੂਹਿਕ ਤੌਰ ਤੇ ਪਰਿਵਾਰਾਂ ਸਮੇਤ ਛੁੱਟੀਆਂ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਲਗਾਤਾਰ ਕਾਰੋਬਾਰ ਦੇ ਰੁਝੇਵਿਆਂ ਵਿਚਕਾਰ ਅਜਿਹੀਆਂ ਛੁੱਟੀਆਂ ਮਾਨਸਿਕ ਤਾਜ਼ਗੀ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਵੀ ਲਾਭਦਾਇਕ ਹੁੰਦੀਆਂ ਹਨ। ਹਾਲਾਂਕਿ ਬਾਜ਼ਾਰਾਂ ਦੇ ਬੰਦ ਰਹਿਣ ਕਾਰਨ ਕੁਝ ਗਾਹਕਾਂ ਨੂੰ ਮੋਬਾਈਲ ਅਤੇ ਕਰਿਆਨੇ ਨਾਲ ਸਬੰਧਤ ਕੰਮਾਂ ਲਈ ਉਡੀਕ ਕਰਨੀ ਪੈ ਰਹੀ ਹੈ, ਪਰ ਪਹਿਲਾਂ ਤੋਂ ਸੂਚਨਾ ਜਾਰੀ ਹੋਣ ਕਾਰਨ ਜ਼ਿਆਦਾਤਰ ਲੋਕਾਂ ਨੂੰ ਕੋਈ ਵੱਡੀ ਪਰੇਸ਼ਾਨੀ ਨਹੀਂ ਆਈ।