ਬਾਸਮਤੀ ਦੇ ਘੱਟ ਰੇਟਾਂ ਕਾਰਨ ਕਿਸਾਨ ਚਿੰਤਤ, ਪਰਮਲ ਤੇ ਨਵੀਆਂ ਕਿਸਮਾਂ ਵੱਲ ਵਧਿਆ ਰੁਝਾਨ ਬਾਸਮਤੀ ਦੇ ਘੱਟ ਰੇਟਾਂ ਕਾਰਨ ਕਿਸਾਨ ਚਿੰਤਤ, ਪਰਮਲ ਅਤੇ ਨਵੀਆਂ ਕਿਸਮਾਂ ਵੱਲ ਵਧਿਆ ਰੁਝਾਨ
Publish Date: Mon, 29 Jun 2026 03:59 PM (IST)
Updated Date: Mon, 29 Jun 2026 04:01 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਇਲਾਕੇ ਵਿੱਚ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹ ਮਿਲਣ ਦੇ ਬਾਵਜੂਦ ਖੇਤੀਬਾੜੀ ਮਜ਼ਦੂਰਾਂ ਦੀ ਭਾਰੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਝੋਨੇ ਦੀ ਲਵਾਈ ਲਈ ਮਜ਼ਦੂਰ ਕਰੀਬ 5 ਹਜ਼ਾਰ ਰੁਪਏ ਪ੍ਰਤੀ ਕਿੱਲਾ ਮਜ਼ਦੂਰੀ ਲੈ ਰਹੇ ਹਨ, ਜਿਸ ਨਾਲ ਕਿਸਾਨਾਂ ਦੀ ਲਾਗਤ ਵਿੱਚ ਵੱਡਾ ਵਾਧਾ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੇ ਪਰਮਲ ਅਤੇ ਬਾਸਮਤੀ ਦੀਆਂ ਨਵੀਆਂ ਕਿਸਮਾਂ, ਜਿਵੇਂ ਮੁੱਛਲ ਅਤੇ 1718, ਨੂੰ ਵੱਧ ਤਰਜੀਹ ਦਿੱਤੀ ਹੈ। ਦੂਜੇ ਪਾਸੇ ਬਾਸਮਤੀ-1121 ਅਤੇ 1885 ਦੀ ਬਿਜਾਈ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸੀਜ਼ਨ ਦੌਰਾਨ ਇਨ੍ਹਾਂ ਕਿਸਮਾਂ ਦਾ ਮੰਡੀ ਭਾਅ ਉਮੀਦਾਂ ਤੋਂ ਘੱਟ ਮਿਲਿਆ ਸੀ, ਜਿਸ ਕਾਰਨ ਇਸ ਵਾਰ ਉਨ੍ਹਾਂ ਦਾ ਰੁਝਾਨ ਬਦਲਿਆ ਹੈ। ਕਿਸਾਨ ਅਸ਼ਵਨੀ ਕੁਮਾਰ ਢੱਲ, ਸੁਰਜੀਤ ਸਿੰਘ ਸੋਢੀ, ਪਰਮਜੀਤ ਸਿੰਘ ਅਤੇ ਦਰਸ਼ਨ ਲਾਲ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਫ਼ਸਲ ਤੇ ਖਰਚਾ ਕਾਫ਼ੀ ਵੱਧ ਗਿਆ ਹੈ। ਮਜ਼ਦੂਰੀ, ਖਾਦ, ਡੀਜ਼ਲ ਅਤੇ ਹੋਰ ਖੇਤੀ ਖਰਚਿਆਂ ਦੇ ਨਾਲ-ਨਾਲ ਬਰਸਾਤ ਨਾ ਪੈਣ ਕਾਰਨ ਸਿੰਚਾਈ ਦਾ ਬੋਝ ਵੀ ਵਧਿਆ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਵਾਰ ਵੀ ਬਾਸਮਤੀ ਦਾ ਵਾਜਬ ਭਾਅ ਨਾ ਮਿਲਿਆ ਤਾਂ ਆਉਣ ਵਾਲੇ ਸਾਲਾਂ ਵਿੱਚ ਉਹ ਬਾਸਮਤੀ ਦੀ ਬਿਜਾਈ ਘਟਾ ਕੇ ਪਰਮਲ ਵੱਲ ਰੁਖ ਕਰ ਲੈਣਗੇ। ਇਸ ਨਾਲ ਇੱਕ ਪਾਸੇ ਸਰਕਾਰ ਨੂੰ ਪਰਮਲ ਦੀ ਖਰੀਦ ਅਤੇ ਭੰਡਾਰਨ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ, ਜਦਕਿ ਦੂਜੇ ਪਾਸੇ ਬਾਸਮਤੀ ਤੇ ਨਿਰਭਰ ਰਾਈਸ ਮਿੱਲਾਂ (ਸੈਲਰਾਂ) ਨੂੰ ਵੀ ਕੱਚੇ ਮਾਲ ਦੀ ਕਮੀ ਅਤੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਸਮਤੀ ਦੀ ਫ਼ਸਲ ਆਮ ਤੌਰ ਤੇ ਦੇਰ ਨਾਲ ਬੀਜੀ ਜਾਂਦੀ ਹੈ, ਜਿਸ ਕਾਰਨ ਬਰਸਾਤ ਦੇ ਮੌਸਮ ਦਾ ਲਾਭ ਮਿਲਦਾ ਹੈ ਅਤੇ ਪਾਣੀ ਦੀ ਖਪਤ ਵੀ ਘੱਟ ਰਹਿੰਦੀ ਹੈ। ਇਸ ਦੇ ਉਲਟ ਪਰਮਲ ਦੀ ਫ਼ਸਲ ਜਲਦੀ ਲਗਾਉਣੀ ਪੈਂਦੀ ਹੈ ਅਤੇ ਇਸ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ। ਕਿਸਾਨਾਂ ਨੇ ਸਰਕਾਰ ਅਤੇ ਚੌਲ ਉਦਯੋਗ ਨਾਲ ਜੁੜੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਬਾਸਮਤੀ ਦਾ ਲਾਹੇਵੰਦ ਭਾਅ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸਾਨਾਂ ਦਾ ਇਸ ਦੀ ਕਾਸ਼ਤ ਪ੍ਰਤੀ ਭਰੋਸਾ ਬਣਿਆ ਰਹੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਬਾਸਮਤੀ ਦੀ ਬਿਜਾਈ ਜਾਰੀ ਰੱਖਣ।