ਨਾਬਾਲਿਗਾ ਦੀ ਬਰਾਮਦਗੀ ਨਾ ਹੋਣ 'ਤੇ ਪਰਿਵਾਰ ਨੇ ਮਲੋਟ ਚੌਕ 'ਚ ਲਾਇਆ ਧਰਨਾ
ਨਾਬਾਲਗ ਲੜਕੀ ਦੀ ਬਰਾਮਦਗੀ ਨਾ ਹੋਣ 'ਤੇ ਪਰਿਵਾਰ ਨੇ ਮਲੋਟ ਚੌਕ 'ਚ ਲਾਇਆ ਧਰਨਾ
Publish Date: Sat, 27 Jun 2026 03:32 PM (IST)
Updated Date: Sat, 27 Jun 2026 03:34 PM (IST)

ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਅਬੋਹਰ ਦੇ ਗੋਬਿੰਦ ਨਗਰੀ ਇਲਾਕੇ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਲਾਪਤਾ ਹੋਈ ਨਾਬਾਲਗ ਲੜਕੀ ਦੀ ਅਜੇ ਤੱਕ ਬਰਾਮਦਗੀ ਨਾ ਹੋਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਅਤੇ ਭਾਜਪਾ ਕੌਂਸਲਰਾਂ ਨੇ ਅੱਜ ਮਲੋਟ ਚੌਕ ਵਿਖੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ’ਚ ਸਾਬਕਾ ਕੌਂਸਲਰ ਨਰਿੰਦਰ ਵਰਮਾ, ਨਰੇਸ਼ ਗੋਇਲ, ਅਨੁਜ ਧਵਨ, ਸਚਿਨ ਸੇਤੀਆ, ਲਲਿਤ ਸੋਨੀ, ਰਾਜੇਸ਼ ਪੁਰੋਹਿਤ, ਸ਼ਿਵਰਾਜ ਚੌਧਰੀ, ਹਰਵਿੰਦਰ ਸਿੰਘ ਹੈਰੀ ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਸ਼ਾਮਲ ਹੋਏ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ, ਜਿੱਥੇ ਐਸਪੀ ਅਤੇ ਡੀਐਸਪੀ ਵੱਲੋਂ ਜਲਦੀ ਹੀ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਲੜਕੀ ਨੂੰ ਬਰਾਮਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰ ਅਜੇ ਤੱਕ ਨਾ ਤਾਂ ਲੜਕੀ ਦਾ ਕੋਈ ਸੁਰਾਗ ਮਿਲਿਆ ਹੈ ਅਤੇ ਨਾ ਹੀ ਸਾਰੇ ਨਾਮਜ਼ਦ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਉਹ ਅੱਜ ਕਾਰਵਾਈ ਬਾਰੇ ਜਾਣਕਾਰੀ ਲੈਣ ਲਈ ਥਾਣੇ ਪਹੁੰਚੇ ਤਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਉਨ੍ਹਾਂ ਵਿੱਚ ਰੋਸ ਫੈਲ ਗਿਆ ਅਤੇ ਉਹ ਧਰਨਾ ਦੇਣ ਲਈ ਮਜਬੂਰ ਹੋਏ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਲੜਕੀ ਨੂੰ ਬਰਾਮਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਧਰਨੇ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ-1 ਦੇ ਮੁਖੀ ਮਨਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਆਪਣੇ ਫ਼ੈਸਲੇ ਤੇ ਅਡਿੱਗ ਰਿਹਾ। ਇਸ ਸਬੰਧੀ ਡੀਐਸਪੀ ਅਬੋਹਰ ਅਤੇ ਡੀਐਸਪੀ ਬੱਲੂਆਣਾ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਨਾਮਜ਼ਦ ਲੜਕੇ ਦੀ ਮਾਤਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਲੜਕੇ ਦੇ ਇੱਕ ਦੋਸਤ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਟੀਮਾਂ ਲਗਾਤਾਰ ਲੜਕੀ ਅਤੇ ਨਾਮਜ਼ਦ ਵਿਅਕਤੀਆਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਧਰਨੇ ਕਾਰਨ ਫਾਜ਼ਿਲਕਾ-ਮਲੋਟ ਰੋਡ ਤੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਤੇਜ਼ ਗਰਮੀ ਵਿੱਚ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕਾਂ ਨੂੰ ਬਦਲਵੇਂ ਰਸਤੇ ਅਪਣਾਉਣੇ ਪਏ।