ਸਿਆਸੀ ਆਧਾਰ 'ਤੇ ਬਦਲੀਆਂ ਦੇ ਵਿਰੋਧ ’ਚ ਬਿਜਲੀ ਮੁਲਾਜ਼ਮਾਂ ਕੀਤੀ ਰੋਸ ਰੈਲੀ ਸਿਆਸੀ ਆਧਾਰ 'ਤੇ ਬਦਲੀਆਂ ਦੇ ਵਿਰੋਧ ਵਿੱਚ ਬਿਜਲੀ ਮੁਲਾਜ਼ਮਾਂ ਦੀ ਜਲਾਲਾਬਾਦ ਵਿੱਚ ਰੋਸ ਰੈਲੀ
Publish Date: Mon, 06 Jul 2026 05:18 PM (IST)
Updated Date: Mon, 06 Jul 2026 05:21 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਕਮੇਟੀ ਜਲਾਲਾਬਾਦ ਵੱਲੋਂ ਡਵੀਜ਼ਨ ਦਫ਼ਤਰ ਵਿਖੇ ਡਵੀਜ਼ਨ ਪ੍ਰਧਾਨ ਸ਼ੇਰ ਸਿੰਘ ਦੀ ਅਗਵਾਈ ਹੇਠ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੈਲੀ ਵਿੱਚ ਯੂਨੀਅਨ ਦੇ ਸੂਬਾ ਸਕੱਤਰ ਇੰਜੀਨੀਅਰ ਸ਼ਿੰਗਾਰ ਚੰਦ ਮਹਿਰੋਕ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਆਗੂਆਂ ਨੇ ਦੋਸ਼ ਲਾਇਆ ਕਿ ਗੁਰੂਹਰਸਹਾਏ ਸਿਟੀ ਸਬ ਡਵੀਜ਼ਨ ਵਿੱਚ ਤਾਇਨਾਤ ਸਬ ਡਵੀਜ਼ਨ ਪ੍ਰਧਾਨ ਪਰਵਿੰਦਰ ਸਿੰਘ ਅਤੇ ਘੁਬਾਇਆ ਵਿਖੇ ਤਾਇਨਾਤ ਡਵੀਜ਼ਨ ਪ੍ਰਧਾਨ ਸ਼ੇਰ ਸਿੰਘ ਦੀ ਬਿਨਾਂ ਕਿਸੇ ਸ਼ਿਕਾਇਤ ਜਾਂ ਕਾਰਨ ਦੇ ਸਿਆਸੀ ਦਬਾਅ ਹੇਠ ਬਦਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਸੰਘਰਸ਼ ਦੀ ਸ਼ੁਰੂਆਤ 3 ਜੁਲਾਈ ਨੂੰ ਗੁਰੂਹਰਸਹਾਏ ਵਿੱਚ ਰੋਸ ਰੈਲੀ ਨਾਲ ਕੀਤੀ ਗਈ ਸੀ ਅਤੇ ਹੁਣ ਜਲਾਲਾਬਾਦ ਡਵੀਜ਼ਨ ਦੀਆਂ ਪੰਜਾਂ ਸਬ ਡਵੀਜ਼ਨਾਂ ਵਿੱਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਪੂਰੀ ਡਵੀਜ਼ਨ ਵਿੱਚ ਵਰਕ ਟੂ ਰੂਲ ਤਹਿਤ ਕੰਮ ਕੀਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਬਦਲੀਆਂ ਰੱਦ ਨਾ ਕੀਤੀਆਂ ਗਈਆਂ ਜਾਂ ਪਰਵਿੰਦਰ ਸਿੰਘ ਨੂੰ ਰਿਲੀਵ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰੀ ਡਵੀਜ਼ਨ ਦਾ ਕੰਮ ਠੱਪ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ 10 ਜੁਲਾਈ ਨੂੰ ਜਲਾਲਾਬਾਦ ਵਿਖੇ ਵਿਧਾਇਕ ਜਗਦੀਪ ਸਿੰਘ ਗੋਲਡੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿੱਚ ਫਿਰੋਜ਼ਪੁਰ ਸਰਕਲ ਦੀਆਂ ਸਮੂਹ ਸਬ ਡਵੀਜ਼ਨਾਂ ਦੇ ਮੁਲਾਜ਼ਮਾਂ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਰੈਲੀ ਨੂੰ ਸ਼ੇਰ ਸਿੰਘ, ਰਾਜੇਸ਼ ਕੁਮਾਰ, ਜਸਵਿੰਦਰ ਪਾਲ ਬਾਵਾ, ਸੁਖਵਿੰਦਰ ਸਿੰਘ, ਨਾਨਕ ਚੰਦ, ਪਰਵਿੰਦਰ ਸਿੰਘ, ਸੰਦੀਪ ਸੰਧਾ, ਸੰਦੀਪ ਕੁਮਾਰ, ਕੁਲਦੀਪ ਸਿੰਘ, ਅਮਨਦੀਪ, ਕਰਨ ਸ਼ਰਮਾ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਨਰੇਸ਼ ਸੇਠੀ, ਰਾਮ ਕ੍ਰਿਸ਼ਨ, ਰਾਜਿੰਦਰ ਸਿੰਘ, ਇਕਬਾਲ ਜੋਸਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਇਕਬਾਲ ਸਿੰਘ ਗਾਮੂਵਾਲਾ ਵੀ ਆਪਣੇ ਸਾਥੀਆਂ ਸਮੇਤ ਰੋਸ ਰੈਲੀ ਵਿੱਚ ਸ਼ਾਮਲ ਹੋਏ।