- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਜ਼ਿਲਕਾ ਵਿੱਚ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਲਾਗੂ

ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ
ਫਾਜ਼ਿਲਕਾ : ਫਾਜ਼ਿਲਕਾ ਵਿੱਚ 31 ਅਗਸਤ ਤੱਕ ਵੱਖ-ਵੱਖ ਪਾਬੰਦੀਆਂ ਲਾਗੂ, ਡੀਐੱਮ ਨੇ ਜਾਰੀ ਕੀਤੇ ਹੁਕਮ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਅਗਸਤ 2026 ਤੱਕ ਪ੍ਰਭਾਵੀ ਰਹਿਣਗੇ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਰੀ ਹੁਕਮਾਂ ਅਨੁਸਾਰ 50 ਮਾਈਕਰੋਨ ਤੋਂ ਘੱਟ ਮੋਟਾਈ, 8×13 ਇੰਚ ਤੋਂ ਛੋਟੇ ਅਤੇ ਨਿਰਧਾਰਤ ਰੰਗ ਤੋਂ ਬਿਨਾਂ ਪਲਾਸਟਿਕ ਲਿਫ਼ਾਫਿਆਂ ਦੇ ਨਿਰਮਾਣ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਨਾਲ ਹੀ ਅਜਿਹੇ ਲਿਫ਼ਾਫੇ ਨਾਲੀਆਂ, ਸੀਵਰੇਜ ਜਾਂ ਜਨਤਕ ਥਾਵਾਂ ’ਤੇ ਸੁੱਟਣ ’ਤੇ ਵੀ ਰੋਕ ਲਾਈ ਗਈ ਹੈ, ਤਾਂ ਜੋ ਵਾਤਾਵਰਣ ਅਤੇ ਸਫ਼ਾਈ ਸਬੰਧੀ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਇਸ ਤੋਂ ਇਲਾਵਾ ਸਰਹੱਦੀ ਖੇਤਰਾਂ ਅਤੇ ਬੀਓਪੀਜ਼ ਦੇ ਨੇੜੇ ਸ਼ਾਮ 6 ਵਜੇ ਤੋਂ ਸਵੇਰੇ 8 ਵਜੇ ਤੱਕ ਆਮ ਲੋਕਾਂ ਦੇ ਆਉਣ-ਜਾਣ ’ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਫੌਜ, ਬੀਐੱਸਐੱਫ, ਪੁਲਿਸ, ਅਧਿਕਾਰਤ ਠੇਕੇਦਾਰਾਂ, ਮਜ਼ਦੂਰਾਂ ਅਤੇ ਪਰਮਿਟ ਧਾਰਕਾਂ ’ਤੇ ਲਾਗੂ ਨਹੀਂ ਹੋਵੇਗਾ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕੋਬਰਾ (ਕੰਡਿਆਲੀ) ਤਾਰ ਦੀ ਖਰੀਦ, ਵਿਕਰੀ ਅਤੇ ਵਰਤੋਂ ’ਤੇ ਵੀ ਪੂਰਨ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਆਮ ਲੋਕਾਂ ਵੱਲੋਂ ਮਿਲਟਰੀ ਰੰਗ ਦੀ ਵਰਦੀ ਅਤੇ ਮਿਲਟਰੀ ਰੰਗ ਦੇ ਵਾਹਨਾਂ ਦੀ ਖਰੀਦ, ਵਿਕਰੀ ਅਤੇ ਵਰਤੋਂ ’ਤੇ ਵੀ ਰੋਕ ਲਗਾਈ ਗਈ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਸਰਗਰਮੀ ਨੂੰ ਰੋਕਿਆ ਜਾ ਸਕੇ। ਇੱਕ ਹੋਰ ਹੁਕਮ ਤਹਿਤ ਸਬ ਜੇਲ੍ਹ ਫਾਜ਼ਿਲਕਾ ਦੇ 500 ਮੀਟਰ ਘੇਰੇ ਨੂੰ 'ਨੋ ਡਰੋਨ ਫਲਾਇੰਗ ਜ਼ੋਨ' ਐਲਾਨਿਆ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਕਿ ਡਰੋਨਾਂ ਦੀ ਦੁਰਵਰਤੋਂ ਰਾਹੀਂ ਜੇਲ੍ਹਾਂ ਵਿੱਚ ਮੋਬਾਈਲ ਫੋਨ, ਨਸ਼ੀਲੇ ਪਦਾਰਥ, ਹਥਿਆਰ ਜਾਂ ਹੋਰ ਗੈਰ-ਕਾਨੂੰਨੀ ਸਮੱਗਰੀ ਪਹੁੰਚਾਉਣ ਦੀ ਸੰਭਾਵਨਾ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।
- ਹੁੱਕਾ ਬਾਰ, ਡਰੋਨ, ਚਾਈਨਾ ਡੋਰ ਤੇ ਆਰਮਫਾਇਰ ’ਤੇ ਰੋਕ
ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਅਗਸਤ 2026 ਤੱਕ ਲਾਗੂ ਰਹਿਣਗੇ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਕਿਸੇ ਵੀ ਰੈਸਟੋਰੈਂਟ ਜਾਂ ਹੁੱਕਾ ਬਾਰ ਵਿੱਚ ਗਾਹਕਾਂ ਨੂੰ ਹੁੱਕਾ ਪਰੋਸਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ 4 ਕਿਲੋਮੀਟਰ ਖੇਤਰ ਵਿੱਚ ਪਾਕਿਸਤਾਨੀ ਸਿਮ ਕਾਰਡ ਰੱਖਣ ਜਾਂ ਵਰਤਣ ਅਤੇ ਕਵਾਡਕਾਪਟਰ, ਡਰੋਨ ਜਾਂ ਡਰੋਨ ਕੈਮਰੇ ਉਡਾਉਣ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਵਿਆਹਾਂ ਅਤੇ ਹੋਰ ਸਮਾਗਮਾਂ ਦੌਰਾਨ ਮੈਰਿਜ ਪੈਲੇਸਾਂ ਵਿੱਚ ਹਥਿਆਰ ਲੈ ਕੇ ਆਉਣ ਅਤੇ ਹਵਾਈ ਫਾਇਰ ਕਰਨ ’ਤੇ ਵੀ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਸਰਹੱਦੀ ਪਿੰਡਾਂ ਵਿੱਚ ਸ਼ਾਮ 5 ਵਜੇ ਤੋਂ ਬਾਅਦ ਡੀਜੇ, ਪਟਾਖੇ ਅਤੇ ਲੇਜ਼ਰ ਲਾਈਟਾਂ ਦੀ ਵਰਤੋਂ ਵੀ ਮਨਾਹੀ ਹੋਵੇਗੀ। ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਵਿਕਰੀ, ਸਟੋਰੇਜ ਅਤੇ ਵਰਤੋਂ ’ਤੇ ਵੀ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਹੁਕਮਾਂ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਗਊਵੰਸ਼ ਦੀ ਢੋਆ-ਢੁਆਈ 'ਤੇ ਵੀ ਪਾਬੰਦੀ ਰਹੇਗੀ। ਗਊਵੰਸ਼ ਰੱਖਣ ਵਾਲਿਆਂ ਨੂੰ ਆਪਣੇ ਪਸ਼ੂ ਪਸ਼ੂ ਪਾਲਣ ਵਿਭਾਗ ਕੋਲ ਰਜਿਸਟਰ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਅਤੇ ਪਾਣੀ ਦੀਆਂ ਟੈਂਕੀਆਂ 'ਤੇ ਆਮ ਲੋਕਾਂ ਜਾਂ ਪ੍ਰਦਰਸ਼ਨਕਾਰੀਆਂ ਦੇ ਚੜ੍ਹਨ 'ਤੇ ਵੀ ਰੋਕ ਲਗਾਈ ਗਈ ਹੈ। ਸਬੰਧਤ ਵਿਭਾਗਾਂ ਨੂੰ ਇਨ੍ਹਾਂ ਥਾਵਾਂ ਦੀ 24 ਘੰਟੇ ਨਿਗਰਾਨੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ।