ਫਾਜ਼ਿਲਕਾ ’ਚ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ ਬਰਕਰਾਰ, ਰਾਹਗੀਰਾਂ ਦੀ ਸੁਰੱਖਿਆ ਖਤਰੇ ’ਚ
ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਫਾਜ਼ਿਲਕਾ ਦੇ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ ਬਰਕਰਾਰ, ਰਾਹਗੀਰਾਂ ਦੀ ਸੁਰੱਖਿਆ ਖਤਰੇ ’ਚ
Publish Date: Mon, 22 Jun 2026 03:53 PM (IST)
Updated Date: Mon, 22 Jun 2026 03:55 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਸੁਪਰੀਮ ਕੋਰਟ ਵੱਲੋਂ ਪੈਦਲ ਚੱਲਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੇਸ਼ ਭਰ ਵਿੱਚ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਪਰ ਫਾਜ਼ਿਲਕਾ ਸ਼ਹਿਰ ’ਚ ਇਨ੍ਹਾਂ ਹੁਕਮਾਂ ਦੀ ਖੁੱਲ੍ਹੇਆਮ ਉਲੰਘਣਾ ਹੋ ਰਹੀ ਹੈ। ਸ਼ਹਿਰ ਦੇ ਲਗਭਗ ਸਾਰੇ ਮੁੱਖ ਬਾਜ਼ਾਰਾਂ ਅਤੇ ਵਪਾਰਕ ਇਲਾਕਿਆਂ ਵਿੱਚ ਫੁੱਟਪਾਥਾਂ ’ਤੇ ਦੁਕਾਨਦਾਰਾਂ, ਰੇਹੜੀ-ਫੜੀ ਵਾਲਿਆਂ ਅਤੇ ਵਾਹਨ ਚਾਲਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਆਮ ਲੋਕਾਂ ਲਈ ਪੈਦਲ ਚੱਲਣਾ ਮੁਸ਼ਕਲ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਫੁੱਟਪਾਥਾਂ ਦਾ ਮੁੱਖ ਮਕਸਦ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਹੋਰ ਰਾਹਗੀਰਾਂ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣਾ ਸੀ ਪਰ ਅੱਜ ਇਹ ਫੁੱਟਪਾਥ ਆਪਣੀ ਅਸਲ ਪਛਾਣ ਗੁਆ ਚੁੱਕੇ ਹਨ। ਕਈ ਥਾਵਾਂ ’ਤੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਫੁੱਟਪਾਥਾਂ ’ਤੇ ਸਜਾਇਆ ਹੋਇਆ ਹੈ, ਜਦਕਿ ਕੁਝ ਥਾਵਾਂ ’ਤੇ ਰੇਹੜੀਆਂ ਅਤੇ ਗੈਰ-ਕਾਨੂੰਨੀ ਪਾਰਕਿੰਗ ਨੇ ਸਾਰਾ ਰਸਤਾ ਹੀ ਘੇਰਿਆ ਹੋਇਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਫੁੱਟਪਾਥਾਂ ਨੂੰ ਕਬਜ਼ਾ ਮੁਕਤ ਨਹੀਂ ਕਰਵਾਇਆ ਗਿਆ ਤਾਂ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਂਝੀ ਕਾਰਵਾਈ ਕਰਕੇ ਫਾਜ਼ਿਲਕਾ ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰਾਂ ਵਿੱਚੋਂ ਫੁੱਟਪਾਥਾਂ ’ਤੇ ਹੋਏ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਸਭ ਤੋਂ ਵੱਧ ਸਮੱਸਿਆ ਫਾਜ਼ਿਲਕਾ ਦੇ ਪ੍ਰਮੁੱਖ ਵਪਾਰਕ ਇਲਾਕਿਆਂ ਗਊਸ਼ਾਲਾ ਰੋਡ, ਮਹਰਿਆ ਬਾਜ਼ਾਰ, ਸਾਈਕਲ ਬਾਜ਼ਾਰ ਰੋਡ,ਬੀਕਾਨੇਰੀ ਰੋਡ,ਬਠਿੰਡਾ ਰੋਡ,ਪੁਰਾਣੀ ਅਬੋਹਰੀ ਰੋਡ, ਗਾਂਧੀ ਚੌਕ ਅਤੇ ਚੌਂਕ ਘੰਟਾ ਘਰ ਸਮੇਤ ਕਈ ਇਲਾਕਿਆਂ ਵਿੱਚ ਫੁੱਟਪਾਥਾਂ ਦੀ ਹਾਲਤ ਬੇਹੱਦ ਮਾੜੀ ਹੈ। ਇਨ੍ਹਾਂ ਸਥਾਨਾਂ ’ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦਾ ਸਾਮਾਨ ਫੁੱਟਪਾਥਾਂ ਤੱਕ ਫੈਲਾਇਆ ਹੋਇਆ ਹੈ, ਜਦਕਿ ਦੋਪਹੀਆ ਅਤੇ ਚਾਰ ਪਹੀਆ ਵਾਹਨ ਵੀ ਬੇਤਰਤੀਬੇ ਢੰਗ ਨਾਲ ਖੜ੍ਹੇ ਕੀਤੇ ਜਾਂਦੇ ਹਨ। ਇਸ ਕਾਰਨ ਨਾ ਸਿਰਫ਼ ਸਥਾਨਕ ਲੋਕਾਂ ਨੂੰ, ਸਗੋਂ ਬਾਹਰਲੇ ਸ਼ਹਿਰਾਂ ਤੋਂ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਥਾਵਾਂ ’ਤੇ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਪੈਦਲ ਚੱਲਣ ਵਾਲਿਆਂ ਨੂੰ ਸੜਕ ਦੇ ਵਿਚਕਾਰੋਂ ਲੰਘਣਾ ਪੈਂਦਾ ਹੈ, ਜਿਸ ਨਾਲ ਹਾਦਸਿਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਬਜ਼ੁਰਗਾਂ ਤੇ ਸਕੂਲੀ ਬੱਚਿਆਂ ਲਈ ਵੱਡਾ ਖਤਰਾ ਫੁੱਟਪਾਥਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਦਾ ਸਭ ਤੋਂ ਵੱਧ ਅਸਰ ਬਜ਼ੁਰਗਾਂ, ਸਕੂਲੀ ਬੱਚਿਆਂ ਅਤੇ ਮਹਿਲਾਵਾਂ ’ਤੇ ਪੈ ਰਿਹਾ ਹੈ। ਸਕੂਲਾਂ ਅਤੇ ਬਾਜ਼ਾਰਾਂ ਦੇ ਨੇੜੇ ਫੁੱਟਪਾਥ ਬੰਦ ਹੋਣ ਕਾਰਨ ਬੱਚਿਆਂ ਨੂੰ ਵਾਹਨਾਂ ਦੇ ਦਰਮਿਆਨੋਂ ਲੰਘਣਾ ਪੈਂਦਾ ਹੈ, ਜੋ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਸੇ ਤਰ੍ਹਾਂ ਬਜ਼ੁਰਗ ਨਾਗਰਿਕ, ਜੋ ਪਹਿਲਾਂ ਹੀ ਸਰੀਰਕ ਤੌਰ ’ਤੇ ਕਮਜ਼ੋਰ ਹੁੰਦੇ ਹਨ, ਉਨ੍ਹਾਂ ਲਈ ਭੀੜ-ਭੜੱਕੇ ਵਾਲੀਆਂ ਸੜਕਾਂ ’ਤੇ ਚੱਲਣਾ ਖਤਰਨਾਕ ਸਾਬਤ ਹੋ ਰਿਹਾ ਹੈ। ਸਾਈਕਲ ਸਵਾਰਾਂ ਨੂੰ ਵੀ ਰੋਜ਼ਾਨਾ ਟਰੈਫਿਕ ਜਾਮ ਅਤੇ ਬੇਤਰਤੀਬ ਪਾਰਕਿੰਗ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ਾਸਨ ਦੀ ਕਾਰਵਾਈ ’ਤੇ ਉੱਠ ਰਹੇ ਸਵਾਲ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਤੇ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਪਰ ਕੁਝ ਦਿਨਾਂ ਬਾਅਦ ਹਾਲਾਤ ਮੁੜ ਪਹਿਲਾਂ ਵਰਗੇ ਹੋ ਜਾਂਦੇ ਹਨ। ਲੋਕਾਂ ਦਾ ਦੋਸ਼ ਹੈ ਕਿ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਥਾਈ ਅਤੇ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ਕਾਰਨ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਲਾਗੂ ਕਰਦਿਆਂ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ, ਗੈਰ-ਕਾਨੂੰਨੀ ਪਾਰਕਿੰਗ ’ਤੇ ਰੋਕ ਲਗਾਈ ਜਾਵੇ ਅਤੇ ਪੈਦਲ ਚੱਲਣ ਵਾਲਿਆਂ ਲਈ ਸੁਰੱਖਿਅਤ ਰਸਤੇ ਯਕੀਨੀ ਬਣਾਏ ਜਾਣ।