- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੌਰਾਨ 5 ਨਜਾਇਜ਼ ਪਿਸਤੌਲਾਂ ਅਤੇ 5 ਮੈਗਜ਼ੀਨ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ ਇਹ ਹਥਿਆਰ ਪਾਕਿਸਤਾਨ ਤੋਂ ਕੌਮਾਂਤਰੀ ਸਰਹੱਦ ਰਾਹੀਂ ਤਸਕਰੀ ਕਰਕੇ ਭਾਰਤ ਲਿਆਂਦੇ ਗਏ ਸਨ। ਇਸੇ ਤਰ੍ਹਾਂ 7 ਸਤੰਬਰ ਨੂੰ ਮਿਲੀ ਇੱਕ ਹੋਰ ਖਾਸ ਸੂਚਨਾ ’ਤੇ ਕਾਰਵਾਈ ਕਰਦਿਆਂ ਐਸਐਸਓਸੀ ਫਾਜ਼ਿਲਕਾ ਨੇ ਜਲਾਲਾਬਾਦ ਖੇਤਰ ਵਿੱਚ ਵਿਸ਼ੇਸ਼ ਆਪ੍ਰੇਸ਼ਨ ਕੀਤਾ।

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ: ਪੰਜਾਬ ਪੁਲਿਸ ਵੱਲੋਂ ਸੂਬੇ ਨੂੰ ਸੁਰੱਖਿਅਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਐਸਐਸਓਸੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਫਾਜ਼ਿਲਕਾ ਨੇ ਸਰਹੱਦ ਪਾਰੋਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ।
ਏਆਈਜੀ ਐਸਐਸਓਸੀ ਫਾਜ਼ਿਲਕਾ ਨਰੇਸ਼ ਕੁਮਾਰ ਡੋਗਰਾ, ਪੀਪੀਐਸ ਦੀ ਨਿਗਰਾਨੀ ਹੇਠ ਕੀਤੇ ਗਏ ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਪੁਲਿਸ ਨੇ 2.029 ਕਿਲੋ ਹੈਰੋਇਨ, 5 ਨਜਾਇਜ਼ ਪਿਸਤੌਲ ਅਤੇ 5 ਮੈਗਜ਼ੀਨ ਬਰਾਮਦ ਕੀਤੇ ਹਨ। ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸਾਜਨ ਪੁੱਤਰ ਪਾਲਾ ਸਿੰਘ ਵਾਸੀ ਬਸਤੀ ਬਾਬਾ ਸਰੂਪ ਦਾਸ, ਥਾਣਾ ਸਦਰ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ 6 ਸਤੰਬਰ ਨੂੰ ਮਿਲੀ ਖਾਸ ਸੂਚਨਾ ਦੇ ਆਧਾਰ ’ਤੇ ਐਸਐਸਓਸੀ ਫਾਜ਼ਿਲਕਾ ਵੱਲੋਂ ਬੀਐਸਐਫ ਦੇ ਸਹਿਯੋਗ ਨਾਲ ਬੀਓਪੀ ਕੱਸੋ ਕੇ, ਬੀਪੀ ਨੰਬਰ 183/3, ਜ਼ਿਲ੍ਹਾ ਫਿਰੋਜ਼ਪੁਰ ਦੇ ਖੇਤਰ ਵਿੱਚ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ।
ਇਸ ਦੌਰਾਨ 5 ਨਜਾਇਜ਼ ਪਿਸਤੌਲਾਂ ਅਤੇ 5 ਮੈਗਜ਼ੀਨ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ ਇਹ ਹਥਿਆਰ ਪਾਕਿਸਤਾਨ ਤੋਂ ਕੌਮਾਂਤਰੀ ਸਰਹੱਦ ਰਾਹੀਂ ਤਸਕਰੀ ਕਰਕੇ ਭਾਰਤ ਲਿਆਂਦੇ ਗਏ ਸਨ। ਇਸੇ ਤਰ੍ਹਾਂ 7 ਸਤੰਬਰ ਨੂੰ ਮਿਲੀ ਇੱਕ ਹੋਰ ਖਾਸ ਸੂਚਨਾ ’ਤੇ ਕਾਰਵਾਈ ਕਰਦਿਆਂ ਐਸਐਸਓਸੀ ਫਾਜ਼ਿਲਕਾ ਨੇ ਜਲਾਲਾਬਾਦ ਖੇਤਰ ਵਿੱਚ ਵਿਸ਼ੇਸ਼ ਆਪ੍ਰੇਸ਼ਨ ਕੀਤਾ।
ਇਸ ਦੌਰਾਨ ਸਾਜਨ ਨੂੰ ਨਹਿਰ ਵਾਲੀ ਸੜਕ, ਪਿੰਡ ਬਾਘੇ ਕੇ ਉੱਤਰ, ਥਾਣਾ ਸਦਰ ਜਲਾਲਾਬਾਦ ਨੇੜਿਓਂ ਕਾਬੂ ਕੀਤਾ ਗਿਆ। ਉਸ ਦੇ ਕਬਜ਼ੇ ਵਿੱਚੋਂ 2.029 ਕਿਲੋ ਹੈਰੋਇਨ ਬਰਾਮਦ ਹੋਈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਨਸ਼ੇ ਅਤੇ ਹਥਿਆਰਾਂ ਦੀਆਂ ਖੇਪਾਂ ਪਾਕਿਸਤਾਨ ਸਥਿਤ ਤਸਕਰਾਂ ਤੋਂ ਮੰਗਵਾਈਆਂ ਗਈਆਂ ਸਨ ਅਤੇ ਕੌਮਾਂਤਰੀ ਸਰਹੱਦ ਰਾਹੀਂ ਭਾਰਤ ਵਿੱਚ ਪਹੁੰਚਾਈਆਂ ਗਈਆਂ ਸਨ।
ਪੁਲਿਸ ਵੱਲੋਂ ਪਾਕਿਸਤਾਨ ਸਥਿਤ ਤਸਕਰਾਂ ਦੀ ਪਛਾਣ ਕਰਨ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਐਸਐਸਓਸੀ ਫਾਜ਼ਿਲਕਾ ਥਾਣੇ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ 6 ਸਤੰਬਰ ਨੂੰ ਐਫਆਈਆਰ ਨੰਬਰ 20 ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਕੀਤੀ ਗਈ ਹੈ।
ਉਥੇ ਹੀ ਸਾਜਨ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21/61/85 ਤਹਿਤ 7 ਸਤੰਬਰ ਨੂੰ ਐਫਆਈਆਰ ਨੰਬਰ 21 ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਬਰਾਮਦਗੀ ਨਾਲ ਜੁੜੇ ਅੱਗੇ-ਪਿੱਛੇ ਦੇ ਸਬੰਧਾਂ ਅਤੇ ਸਰਹੱਦ ਪਾਰ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।