ਮਾਤਮ ’ਚ ਬਦਲੀਆਂ ਖੁਸ਼ੀਆਂ: ਡਿੱਗੀ ’ਚ ਡੁੱਬਣ ਕਾਰਨ ਚਚੇਰੇ ਭੈਣ-ਭਰਾ ਦੀ ਦਰਦਨਾਕ ਮੌਤ, ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਨਾਲ ਪਿੰਡ ਸੋਗ ’ਚ
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੌਜਗੜ੍ਹ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਇੱਥੇ ਪਾਣੀ ਦੀ ਡਿੱਗੀ ’ਚ ਡੁੱਬਣ ਕਾਰਨ 6 ਸਾਲਾ ਮਾਸੂਮ ਬੱਚੇ ਅਤੇ ਉਸ ਦੀ 8 ਸਾਲਾ ਚਚੇਰੀ ਭੈਣ ਦੀ ਮੌਤ ਹੋ ਗਈ। ਦੋਵੇਂ ਬੱਚੇ ਸ਼ਨੀਵਾਰ ਸਵੇਰੇ ਤੋਂ ਲਾਪਤਾ ਸਨ, ਜਿਨ੍ਹਾਂ ਦੀਆਂ ਲਾਸ਼ਾਂ ਦੇਰ ਰਾਤ ਅਤੇ ਅੱਜ ਐਤਵਾਰ ਸਵੇਰੇ ਡਿੱਗੀ ਵਿੱਚੋਂ ਬਰਾਮਦ ਹੋਈਆਂ। ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Publish Date: Sun, 12 Jul 2026 03:01 PM (IST)
Updated Date: Sun, 12 Jul 2026 03:08 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਾਜ਼ਿਲਕਾ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੌਜਗੜ੍ਹ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਇੱਥੇ ਪਾਣੀ ਦੀ ਡਿੱਗੀ ’ਚ ਡੁੱਬਣ ਕਾਰਨ 6 ਸਾਲਾ ਮਾਸੂਮ ਬੱਚੇ ਅਤੇ ਉਸ ਦੀ 8 ਸਾਲਾ ਚਚੇਰੀ ਭੈਣ ਦੀ ਮੌਤ ਹੋ ਗਈ। ਦੋਵੇਂ ਬੱਚੇ ਸ਼ਨੀਵਾਰ ਸਵੇਰੇ ਤੋਂ ਲਾਪਤਾ ਸਨ, ਜਿਨ੍ਹਾਂ ਦੀਆਂ ਲਾਸ਼ਾਂ ਦੇਰ ਰਾਤ ਅਤੇ ਅੱਜ ਐਤਵਾਰ ਸਵੇਰੇ ਡਿੱਗੀ ਵਿੱਚੋਂ ਬਰਾਮਦ ਹੋਈਆਂ। ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਸੂਚਨਾ ਮਿਲਦਿਆਂ ਹੀ ਥਾਣਾ ਖੁਈਆਂ ਸਰਵਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਬੱਚੇ ਖੇਡਦੇ-ਖੇਡਦੇ ਡਿੱਗੀ ਤੱਕ ਕਿਵੇਂ ਪਹੁੰਚੇ ਅਤੇ ਇਹ ਹਾਦਸਾ ਕਿਵੇਂ ਵਾਪਰਿਆ।
ਸਵੇਰੇ 11 ਵਜੇ ਖੇਡਣ ਲਈ ਨਿਕਲੇ ਪਰ ਘਰ ਵਾਪਸ ਨਾ ਆਏ
ਮਿਲੀ ਜਾਣਕਾਰੀ ਅਨੁਸਾਰ ਪਿੰਡ ਮੌਜਗੜ੍ਹ ਦੇ ਰਹਿਣ ਵਾਲੇ ਦੀਪਕ ਅਤੇ ਰਣਜੀਤ, ਜੋ ਮੁੰਨਾ ਲਾਲ ਦੇ ਪੁੱਤਰ ਹਨ, ਖੇਤੀਬਾੜੀ ਕਰਦੇ ਹਨ। ਸ਼ਨੀਵਾਰ ਸਵੇਰੇ ਕਰੀਬ 11 ਵਜੇ ਦੀਪਕ ਦਾ 6 ਸਾਲਾ ਪੁੱਤਰ ਸਿਧਾਂਤ ਅਤੇ ਰਣਜੀਤ ਦੀ 8 ਸਾਲਾ ਧੀ ਲਵਪ੍ਰੀਤ ਘਰ ਦੇ ਬਾਹਰ ਖੇਡਦੇ ਹੋਏ ਅਚਾਨਕ ਲਾਪਤਾ ਹੋ ਗਏ। ਦੁਪਹਿਰ ਤੱਕ ਜਦੋਂ ਦੋਵੇਂ ਬੱਚੇ ਘਰ ਨਹੀਂ ਪਰਤੇ ਤਾਂ ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ ’ਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਦੇਰ ਰਾਤ ਡਿੱਗੀ ’ਚੋਂ ਪਹਿਲਾਂ ਲਵਪ੍ਰੀਤ ਦੀ ਲਾਸ਼ ਮਿਲੀ
ਸ਼ਾਮ ਤੱਕ ਕੋਈ ਸੁਰਾਗ ਨਾ ਮਿਲਣ ’ਤੇ ਪਿੰਡ ਵਾਸੀ ਵੀ ਭਾਲ ਵਿੱਚ ਸ਼ਾਮਲ ਹੋ ਗਏ। ਪਿੰਡ ਦੇ ਲੋਕਾਂ ਨੇ ਆਲੇ-ਦੁਆਲੇ ਦੇ ਖੇਤਾਂ, ਢਾਣੀਆਂ ਅਤੇ ਨਜ਼ਦੀਕੀ ਇਲਾਕਿਆਂ ਵਿੱਚ ਖੋਜ ਮੁਹਿੰਮ ਚਲਾਈ। ਰਾਤ ਕਰੀਬ 2 ਵਜੇ ਪਿੰਡ ਤੋਂ ਕੁਝ ਦੂਰੀ ’ਤੇ ਬਣੀ ਪਾਣੀ ਦੀ ਡਿੱਗੀ ਵਿੱਚੋਂ ਪਹਿਲਾਂ ਲਵਪ੍ਰੀਤ ਦੀ ਲਾਸ਼ ਤੈਰਦੀ ਹੋਈ ਮਿਲੀ। ਇਸ ਤੋਂ ਬਾਅਦ ਸਵੇਰੇ ਕਰੀਬ 5 ਵਜੇ ਲਗਾਤਾਰ ਕੀਤੀ ਗਈ ਖੋਜ ਦੌਰਾਨ ਉਸੇ ਡਿੱਗੀ ਵਿੱਚੋਂ ਸਿਧਾਂਤ ਦੀ ਲਾਸ਼ ਵੀ ਬਰਾਮਦ ਕਰ ਲਈ ਗਈ।
ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਸਿਧਾਂਤ
ਇਸ ਦਰਦਨਾਕ ਹਾਦਸੇ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਾਸੂਮ ਸਿਧਾਂਤ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਇਕਲੌਤੇ ਭਰਾ ਦੀ ਮੌਤ ਦੀ ਖ਼ਬਰ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।