11 ਜੁਲਾਈ ਦੀ ਜਲੰਧਰ ਕਨਵੈਨਸ਼ਨ ਨੂੰ ਸਫਲ ਬਣਾਉਣ ਦਾ ਸੱਦਾ – ਕਾਮਰੇਡ ਸ਼ੇਖੋ
11 ਜੁਲਾਈ ਦੀ ਜਲੰਧਰ ਕਨਵੈਨਸ਼ਨ ਨੂੰ ਸਫਲ ਬਣਾਉਣ ਦਾ ਸੱਦਾ ਕਾਮਰੇਡ ਸ਼ੇਖੋ
Publish Date: Sun, 21 Jun 2026 06:51 PM (IST)
Updated Date: Mon, 22 Jun 2026 04:10 AM (IST)

ਨਵਜੋਤ ਸਿੰਘ.ਪੰਜਾਬੀ ਜਾਗਰਣ,ਫਾਜ਼ਿਲਕਾ:ਸੀਪੀਆਈ(ਐਮ) ਫਾਜ਼ਿਲਕਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਵਣਜਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸ਼ੇਖੋ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਮੋਦੀ ਸਰਕਾਰ ਐਸਆਈਆਰ ਦੇ ਬਹਾਨੇ ਐਨਆਰਆਈ ਪੰਜਾਬੀਆਂ ਦੀਆਂ ਵੋਟਾਂ ਕੱਟਣ ਅਤੇ ਪੰਜਾਬ ਵਿੱਚ ਆਪਣੇ ਸਿਆਸੀ ਮਕਸਦ ਪੂਰੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਪ੍ਰਕਿਰਿਆ ਰਾਹੀਂ ਐਨਆਰਆਈ ਪੰਜਾਬੀਆਂ ਨੂੰ ਉਨ੍ਹਾਂ ਦੇ ਲੋਕਤੰਤਰੀ ਅਤੇ ਜਾਇਦਾਦੀ ਅਧਿਕਾਰਾਂ ਤੋਂ ਵੀ ਵਾਂਝਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਮਰੇਡ ਸ਼ੇਖੋ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਨੀਤੀਆਂ ਅਤੇ ਸਾਜ਼ਿਸ਼ਾਂ ਦਾ ਡਟ ਕੇ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਸੀਪੀਆਈ(ਐਮ) ਇਸ ਮੁੱਦੇ ’ਤੇ ਆਪਣਾ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਫਿਰਕਾਪ੍ਰਸਤ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਸਮਝਣ ਦੀ ਲੋੜ ਹੈ। ਖੇਤੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਹੋਏ ਕਿਸਾਨ ਅੰਦੋਲਨ ਨੇ ਪਹਿਲਾਂ ਹੀ ਭਾਜਪਾ ਦੇ ਰਵੱਈਏ ਨੂੰ ਬੇਨਕਾਬ ਕਰ ਦਿੱਤਾ ਹੈ। ਕਾਮਰੇਡ ਸ਼ੇਖੋ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 6 ਤੋਂ 10 ਜੁਲਾਈ ਤੱਕ ਪੰਜਾਬ ਭਰ ਵਿੱਚ ਲਗਾਤਾਰ ਧਰਨੇ ਦਿੱਤੇ ਜਾਣਗੇ। ਇਸ ਲੜੀ ਤਹਿਤ 11 ਜੁਲਾਈ 2026 ਨੂੰ ਜਲੰਧਰ ਵਿਖੇ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕਨਵੈਨਸ਼ਨ ਦੀਆਂ ਤਿਆਰੀਆਂ ਵਿੱਚ ਜੁਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਸੀਪੀਆਈ(ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਜਤਿੰਦਰਪਾਲ ਨੇ ਕਿਹਾ ਕਿ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਵਿਰੋਧੀ ਨੀਤੀਆਂ, ਚਾਰ ਲੇਬਰ ਕੋਡ, ਬਿਜਲੀ ਸੋਧ ਬਿੱਲ ਅਤੇ ਹੋਰ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ 10 ਅਗਸਤ 2026 ਨੂੰ ਦੇਸ਼ ਪੱਧਰੀ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੇਡ ਯੂਨੀਅਨਾਂ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਰੈਲੀਆਂ, ਮੁਜ਼ਾਹਰੇ ਅਤੇ ਗ੍ਰਿਫ਼ਤਾਰੀਆਂ ਦੇ ਕੇ ਸੰਘਰਸ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ 10 ਅਗਸਤ ਨੂੰ ‘ਜੇਲ੍ਹ ਭਰੋ ਅੰਦੋਲਨ’ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਕਾਮਰੇਡ ਕਾਲੂ ਰਾਮ ਪੰਜਾਵਾ ਅਤੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਨੱਥਾ ਸਿੰਘ ਨੇ ਵੀ ਸੰਬੋਧਨ ਕੀਤਾ।ਮੀਟਿੰਗ ਵਿੱਚ ਕਾਮਰੇਡ ਗੁਰਮੀਤ ਸਿੰਘ, ਸੁਰਜੀਤ ਸਿੰਘ, ਹਰੀਸ਼ ਚੰਦਰ, ਸੁਖਪਾਲ ਕੌਰ, ਓਮ ਪ੍ਰਕਾਸ਼, ਹਾਕਮ ਸਿੰਘ, ਰੇਸ਼ਮ ਸਿੰਘ, ਜੋਗਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।