ਪਿਆਰ ’ਚ ਮਿਲੇ ਧੋਖੇ ਨਾਲ ਟੁੱਟੇ 23 ਸਾਲਾ ਨੌਜਵਾਨ ਨੇ ਚੁੱਕਿਆ ਖ਼ੁਦਕੁਸ਼ੀ ਦਾ ਕਦਮ, ਵਿਆਹ ਤੋਂ ਇਨਕਾਰ ਮਗਰੋਂ ਵਾਪਰੀ ਘਟਨਾ
ਪਿਆਰ ’ਚ ਮਿਲੇ ਡੂੰਘੇ ਸਦਮੇ ਨੇ 23 ਸਾਲਾ ਨੌਜਵਾਨ ਦੀ ਜ਼ਿੰਦਗੀ ਖੋਹ ਲਈ। ਪਿੰਡ ਨਰੈਣਪੁਰਾ ਵਾਸੀ ਅਕਸ਼ੈ ਕੁਮਾਰ, ਜੋ ਇੱਕ ਕੋਚਿੰਗ ਸੈਂਟਰ ਅਤੇ ਲਾਇਬ੍ਰੇਰੀ ਚਲਾਉਂਦਾ ਸੀ, ਕਥਿਤ ਤੌਰ ’ਤੇ ਉਸ ਸਮੇਂ ਪੂਰੀ ਤਰ੍ਹਾਂ ਟੁੱਟ ਗਿਆ ਜਦੋਂ ਜਿਸ ਲੜਕੀ ਨਾਲ ਉਹ ਸਾਰੀ ਉਮਰ ਦਾ ਸਾਥ ਚਾਹੁੰਦਾ ਸੀ, ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
Publish Date: Sun, 12 Jul 2026 12:07 PM (IST)
Updated Date: Sun, 12 Jul 2026 12:09 PM (IST)
ਭਾਰਤ ਭੂਸ਼ਣ ਸ਼ਰਮਾ, ਪੰਜਾਬੀ ਜਾਗਰਣ, ਅਬੋਹਰ। ਪਿਆਰ ’ਚ ਮਿਲੇ ਡੂੰਘੇ ਸਦਮੇ ਨੇ 23 ਸਾਲਾ ਨੌਜਵਾਨ ਦੀ ਜ਼ਿੰਦਗੀ ਖੋਹ ਲਈ। ਪਿੰਡ ਨਰੈਣਪੁਰਾ ਵਾਸੀ ਅਕਸ਼ੈ ਕੁਮਾਰ, ਜੋ ਇੱਕ ਕੋਚਿੰਗ ਸੈਂਟਰ ਅਤੇ ਲਾਇਬ੍ਰੇਰੀ ਚਲਾਉਂਦਾ ਸੀ, ਕਥਿਤ ਤੌਰ ’ਤੇ ਉਸ ਸਮੇਂ ਪੂਰੀ ਤਰ੍ਹਾਂ ਟੁੱਟ ਗਿਆ ਜਦੋਂ ਜਿਸ ਲੜਕੀ ਨਾਲ ਉਹ ਸਾਰੀ ਉਮਰ ਦਾ ਸਾਥ ਚਾਹੁੰਦਾ ਸੀ, ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਇਸ ਸਦਮੇ ਨੂੰ ਉਹ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਹੈ।
ਮ੍ਰਿਤਕ ਦੇ ਪਿਤਾ ਵਿਜੈਪਾਲ ਪੁੱਤਰ ਹਨੂਮਾਨ ਨੇ ਥਾਣਾ ਬਹਾਵਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਕਸ਼ੈ ਕੁਮਾਰ ਪਿੰਡ ਸੁਖਚੈਨ ਵਾਸੀ ਮੁਸਕਾਨ ਨਾਲ ਵਿਆਹ ਕਰਨਾ ਚਾਹੁੰਦਾ ਸੀ। ਮੁਸਕਾਨ ਅਕਸ਼ੈ ਦੀ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਆਉਂਦੀ ਸੀ। ਪੜ੍ਹਾਈ ਦੌਰਾਨ ਦੋਵਾਂ ਦੀ ਜਾਣ-ਪਛਾਣ ਹੋਈ, ਜੋ ਸਮੇਂ ਦੇ ਨਾਲ ਦੋਸਤੀ ਅਤੇ ਫਿਰ ਕਥਿਤ ਪ੍ਰੇਮ ਸੰਬੰਧ ਵਿੱਚ ਬਦਲ ਗਈ।
ਪਰਿਵਾਰ ਦਾ ਦੋਸ਼ ਹੈ ਕਿ ਅਕਸ਼ੈ ਇਸ ਰਿਸ਼ਤੇ ਨੂੰ ਵਿਆਹ ਤੱਕ ਲੈ ਜਾਣਾ ਚਾਹੁੰਦਾ ਸੀ ਪਰ ਜਦੋਂ ਮੁਸਕਾਨ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਡੂੰਘੇ ਮਾਨਸਿਕ ਤਣਾਅ ਵਿੱਚ ਚਲਾ ਗਿਆ।
ਵਿਜੈਪਾਲ ਦੇ ਅਨੁਸਾਰ 6-7 ਜੁਲਾਈ ਦੀ ਅੱਧੀ ਰਾਤ ਤੋਂ ਬਾਅਦ ਅਕਸ਼ੈ ਨੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁੱਤਰ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ’ਚ ਵੀ ਇਸ ਘਟਨਾ ਦੀ ਚਰਚਾ ਹੈ।
ਥਾਣਾ ਬਹਾਵਵਾਲਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਸਕਾਨ ਪੁੱਤਰੀ ਸੁਸ਼ੀਲ ਕੁਮਾਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 108 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।