- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਬਾਅਦ 23 ਅਗਸਤ ਦੀ ਰਾਤ ਨੂੰ ਸਾਜ਼ਿਸ਼ ਤਹਿਤ ਕਿਰਨ ਨੂੰ ਬੁਲਾਇਆ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਕਤਲ ਤੋਂ ਬਾਅਦ ਲਾਸ਼ ਨੂੰ ਕਾਰ ਦੀ ਡਿੱਗੀ ਵਿੱਚ ਪਾ ਕੇ ਕਰੀਬ 100 ਕਿਲੋਮੀਟਰ ਦੂਰ ਮੱਖੂ ਲਿਜਾਇਆ ਗਿਆ, ਜਿੱਥੇ ਉਸ ਨੂੰ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦਿੱਤਾ ਗਿਆ।

ਬੰਪਲ ਭਠੇਜਾ, ਪੰਜਾਬੀ ਜਾਗਰਣ, ਜਲਾਲਾਬਾਦ: ਸ਼ਹਿਰ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਥਿਤ ਤੌਰ ’ਤੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਰਮਨ ਮਿੱਢਾ ਅਤੇ ਉਸ ਦੇ ਸਾਥੀ ਸਾਗਰ ਕੰਬੋਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਰ ਮੁਲਜ਼ਮਾਂ ਦੀ ਪਛਾਣ ਸੋਨੂੰ ਬਠੇਜਾ ਅਤੇ ਕਾਕੂ ਛਾਬੜਾ ਵਜੋਂ ਹੋਈ ਹੈ। ਜਲਾਲਾਬਾਦ ਸਿਟੀ ਥਾਣਾ ਦੇ ਐਸਐਚਓ ਮੋਹਿਤ ਧਵਨ ਨੇ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਨੇ ਐਫਆਈਆਰ ਨੰਬਰ 161 ਦਰਜ ਕੀਤੀ ਹੈ।
ਮ੍ਰਿਤਕਾ ਦੀ ਪਛਾਣ ਕਿਰਨ ਰਾਣੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਗੁੜਗਾਓਂ ਦੀ ਰਹਿਣ ਵਾਲੀ ਸੀ ਅਤੇ ਜਲਾਲਾਬਾਦ ਦੀ ਇੰਦਰਾ ਨਗਰੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਪੁਲਿਸ ਅਨੁਸਾਰ ਕਿਰਨ ਦਾ ਪਹਿਲਾਂ ਵਿਆਹ ਹੋਇਆ ਸੀ, ਪਰ ਕਰੀਬ ਇੱਕ ਸਾਲ ਪਹਿਲਾਂ ਪੰਚਾਇਤੀ ਤੌਰ ’ਤੇ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਉਸ ਦੇ ਰਮਨ ਮਿੱਢਾ ਨਾਲ ਕਥਿਤ ਪ੍ਰੇਮ ਸਬੰਧ ਸਨ। ਐਸਐਚਓ ਮੁਤਾਬਕ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਕਿਰਨ ਵੱਲੋਂ ਕੁਝ ਪੈਸਿਆਂ ਅਤੇ ਇਤਰਾਜ਼ਯੋਗ ਚੀਜ਼ਾਂ ਨੂੰ ਲੈ ਕੇ ਰਮਨ ਨੂੰ ਕਥਿਤ ਤੌਰ ’ਤੇ ਬਲੈਕਮੇਲ ਕੀਤਾ ਜਾ ਰਿਹਾ ਸੀ।
ਇਸ ਤੋਂ ਬਾਅਦ 23 ਅਗਸਤ ਦੀ ਰਾਤ ਨੂੰ ਸਾਜ਼ਿਸ਼ ਤਹਿਤ ਕਿਰਨ ਨੂੰ ਬੁਲਾਇਆ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਕਤਲ ਤੋਂ ਬਾਅਦ ਲਾਸ਼ ਨੂੰ ਕਾਰ ਦੀ ਡਿੱਗੀ ਵਿੱਚ ਪਾ ਕੇ ਕਰੀਬ 100 ਕਿਲੋਮੀਟਰ ਦੂਰ ਮੱਖੂ ਲਿਜਾਇਆ ਗਿਆ, ਜਿੱਥੇ ਉਸ ਨੂੰ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਪਾਣੀ ਵਿੱਚੋਂ ਉੱਪਰ ਆਉਣ ਤੋਂ ਰੋਕਣ ਲਈ ਉਸ ਦੀਆਂ ਲੱਤਾਂ ਨਾਲ ਪਾਣੀ ਦੀ ਭਾਰੀ ਪਾਈਪ ਬੰਨ੍ਹੀ ਗਈ ਸੀ। ਘਟਨਾ ਤੋਂ ਬਾਅਦ ਪੁਲਿਸ ਟੀਮਾਂ ਨੇ ਨਹਿਰ ਦੇ ਵੱਖ-ਵੱਖ ਹੈੱਡਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਕਰੀਬ 10-11 ਦਿਨ ਬਾਅਦ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਵਿੱਚ ਸਥਿਤ ਲੱਖੋਵਾਲ ਹੈੱਡ ਤੋਂ ਮ੍ਰਿਤਕਾ ਦੀ ਲਾਸ਼ ਬਰਾਮਦ ਹੋਈ।
ਮ੍ਰਿਤਕਾ ਦੀ ਮਾਤਾ ਨੀਲਮ ਰਾਣੀ ਅਤੇ ਜੀਜੇ ਵਿਪਿਨ ਨੇ ਲਾਸ਼ ਦੀ ਸ਼ਨਾਖਤ ਕੀਤੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਕਾਰ ਅਤੇ ਮੋਬਾਈਲ ਫੋਨ ਵੀ ਬਰਾਮਦ ਕਰ ਲਏ ਹਨ। ਐਸਐਚਓ ਮੋਹਿਤ ਧਵਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਬਲੈਕਮੇਲਿੰਗ ਜਾਂ ਹੋਰ ਸਮੱਸਿਆ ਦਾ ਸਾਹਮਣਾ ਹੋਣ ’ਤੇ ਗਲਤ ਰਸਤਾ ਅਪਣਾਉਣ ਦੀ ਬਜਾਏ ਆਪਣੇ ਮਾਪਿਆਂ ਨਾਲ ਗੱਲ ਕਰਨ ਜਾਂ ਪੁਲਿਸ ਨਾਲ ਸੰਪਰਕ ਕਰਨ।