ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਐਪ ਨਾ ਚੱਲਣ ਕਾਰਨ ਆਂਗਣਵਾੜੀ ਵਰਕਰ ਪਰੇਸ਼ਾਨ
ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਐਪ ਨਾ ਚੱਲਣ ਕਾਰਨ ਆਂਗਣਵਾੜੀ ਵਰਕਰ ਪਰੇਸ਼ਾਨ
Publish Date: Thu, 25 Jun 2026 04:07 PM (IST)
Updated Date: Thu, 25 Jun 2026 04:10 PM (IST)

- ਜੂਨ ਦੀਆਂ ਛੁੱਟੀਆਂ ਵੀ ਕੰਮ ਵਿੱਚ ਲੱਗੀਆਂ : ਸਰੋਜ ਛੱਪੜੀਵਾਲਾ ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਆਲ ਇੰਡੀਆ ਆਂਗਨਵਾੜੀ ਵਰਕਰਜ਼/ਹੈਲਪਰ ਯੂਨੀਅਨ ਪੰਜਾਬ (ਏਟਕ) ਦੀ ਸੂਬਾ ਪ੍ਰਧਾਨ ਸਰੋਜ ਛੱਪੜੀਵਾਲਾ ਨੇ ਪੰਜਾਬ ਸਰਕਾਰ ਦਾ ਧਿਆਨ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਐਪ ਵਿੱਚ ਆ ਰਹੀਆਂ ਤਕਨੀਕੀ ਸਮੱਸਿਆਵਾਂ ਵੱਲ ਖਿੱਚਦਿਆਂ ਕਿਹਾ ਹੈ ਕਿ ਐਪ ਦੀ ਹੌਲੀ ਕਾਰਗੁਜ਼ਾਰੀ ਕਾਰਨ ਆਂਗਨਵਾੜੀ ਵਰਕਰਾਂ ਅਤੇ ਲਾਭਪਾਤਰੀ ਮਹਿਲਾਵਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਰੋਜ ਛੱਪੜੀਵਾਲਾ ਨੇ ਕਿਹਾ ਕਿ ਯੋਜਨਾ ਅਧੀਨ ਫਾਰਮ ਭਰਨ ਲਈ ਵਰਤੀ ਜਾ ਰਹੀ ਐਪ ਸਾਰਾ ਦਿਨ ਬਹੁਤ ਹੌਲੀ ਚੱਲਦੀ ਹੈ ਅਤੇ ਕਈ ਵਾਰ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ। ਅਜਿਹੇ ਹਾਲਾਤਾਂ ਵਿੱਚ ਸਾਰਾ ਦਿਨ ਉਡੀਕ ਕਰਨ ਦੇ ਬਾਵਜੂਦ ਸਿਰਫ਼ ਇੱਕ ਜਾਂ ਦੋ ਫਾਰਮ ਹੀ ਆਨਲਾਈਨ ਹੋ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਫਾਰਮ ਭਰਵਾਉਣ ਲਈ ਆਉਣ ਵਾਲੀਆਂ ਮਹਿਲਾਵਾਂ ਨੂੰ ਘੰਟਿਆਂ ਉਡੀਕ ਕਰਨੀ ਪੈਂਦੀ ਹੈ, ਜਿਸ ਕਾਰਨ ਉਨ੍ਹਾਂ ਵਿੱਚ ਨਿਰਾਸ਼ਾ ਵੱਧ ਰਹੀ ਹੈ। ਕਈ ਵਾਰ ਮਹਿਲਾਵਾਂ ਐਪ ਦੀ ਤਕਨੀਕੀ ਖ਼ਰਾਬੀ ਨੂੰ ਨਾ ਸਮਝਦਿਆਂ ਆਂਗਨਵਾੜੀ ਵਰਕਰਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੀਆਂ ਹਨ ਅਤੇ ਉਨ੍ਹਾਂ ਨਾਲ ਬਹਿਸ ਵੀ ਕਰਦੀਆਂ ਹਨ। ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਕੰਮ ਕਰਨ ਲਈ ਮਜਬੂਰ ਵਰਕਰ : ਸਰੋਜ ਛੱਪੜੀਵਾਲਾ ਨੇ ਕਿਹਾ ਕਿ ਕਈ ਆਂਗਨਵਾੜੀ ਵਰਕਰ ਸਵੇਰੇ 5 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਆਪਣੇ ਮੋਬਾਈਲ ਫੋਨਾਂ ’ਤੇ ਕੰਮ ਕਰ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਅਰਜ਼ੀਆਂ ਆਨਲਾਈਨ ਕੀਤੀਆਂ ਜਾ ਸਕਣ। ਇਸ ਦੇ ਬਾਵਜੂਦ ਐਪ ਦੀ ਤਕਨੀਕੀ ਸਮੱਸਿਆ ਕਾਰਨ ਕੰਮ ਵਿੱਚ ਰੁਕਾਵਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਜੂਨ ਮਹੀਨੇ ਦੌਰਾਨ ਆਂਗਨਵਾੜੀ ਵਰਕਰਾਂ ਨੂੰ ਛੁੱਟੀਆਂ ਮਿਲਦੀਆਂ ਹਨ, ਪਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਕੰਮ ਕਰ ਕੇ ਉਨ੍ਹਾਂ ਦੀਆਂ ਸਾਰੀਆਂ ਛੁੱਟੀਆਂ ਪ੍ਰਭਾਵਿਤ ਹੋ ਗਈਆਂ ਹਨ। ਵਰਕਰਾਂ ਵੱਲੋਂ ਲਗਾਤਾਰ ਮਿਹਨਤ ਕਰਨ ਦੇ ਬਾਵਜੂਦ ਜਦੋਂ ਐਪ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਤਾਂ ਨਿਰਾਸ਼ਾ ਹੋਰ ਵੱਧ ਜਾਂਦੀ ਹੈ। ਯੂਨੀਅਨ ਆਗੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਐਪ ਦੀਆਂ ਤਕਨੀਕੀ ਖਾਮੀਆਂ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾਵੇ ਤਾਂ ਜੋ ਯੋਜਨਾ ਦਾ ਲਾਭ ਲੈਣ ਵਾਲੀਆਂ ਮਹਿਲਾਵਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਆਂਗਨਵਾੜੀ ਵਰਕਰਾਂ ਨੂੰ ਮਜਬੂਰਨ ਕੰਮ ਛੱਡ ਕੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪੈ ਸਕਦਾ ਹੈ।