ਅਬੋਹਰ ਦੀ ਨਸ਼ਾ ਮੁਕਤੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ, ਇੱਕ ਮਹਿਲਾ ਸਮੇਤ 8 ਨਸ਼ਾ ਪੀੜਤ ਇਲਾਜ ਲਈ ਭੇਜੇ
ਅਬੋਹਰ ਦੀ ਨਸ਼ਾ ਮੁਕਤੀ ਮੁਹਿੰਮ ਨੂੰ ਵੱਡੀ ਸਫਲਤਾ, ਇੱਕ ਮਹਿਲਾ ਸਮੇਤ 8 ਨਸ਼ਾ ਪੀੜਤ ਇਲਾਜ ਲਈ ਭੇਜੇ
Publish Date: Thu, 25 Jun 2026 04:46 PM (IST)
Updated Date: Thu, 25 Jun 2026 04:49 PM (IST)

ਸ਼ਿਵਮ ਸੇਤੀਆ, ਪੰਜਾਬੀ ਜਾਗਰਣ ਅਬੋਹਰ : ਅਬੋਹਰ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਸਮਾਜਿਕ ਮੁਹਿੰਮ ਨੂੰ ਇੱਕ ਹੋਰ ਅਹਿਮ ਸਫਲਤਾ ਮਿਲੀ। ਇੰਦਰਾ ਨਗਰੀ ਸੁਧਾਰ ਸਭਾ ਅਤੇ ਸਮਾਜ ਸੇਵਕ ਗਗਨ ਚੁੱਘ ਦੇ ਸਾਂਝੇ ਯਤਨਾਂ ਨਾਲ ਇੱਕ ਮਹਿਲਾ ਸਮੇਤ ਅੱਠ ਨਸ਼ਾ ਪੀੜਤਾਂ ਨੂੰ ਇਲਾਜ ਲਈ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ। ਇਸ ਕਦਮ ਨਾਲ ਪ੍ਰਭਾਵਿਤ ਪਰਿਵਾਰਾਂ ਨੇ ਰਾਹਤ ਦਾ ਸਾਹ ਲਿਆ ਹੈ। ਗਗਨ ਚੁੱਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਪੀਰ ਟਿੱਬਾ ਖੇਤਰ ਦੀ ਇੱਕ ਮਹਿਲਾ, ਜੋ ਤਿੰਨ ਸਾਲ ਦੇ ਬੱਚੇ ਦੀ ਮਾਂ ਹੈ, ਕਾਫ਼ੀ ਸਮੇਂ ਤੋਂ ਨਸ਼ੇ ਦੀ ਲਤ ਨਾਲ ਜੂਝ ਰਹੀ ਸੀ। ਉਸ ਦੀ ਇਸ ਆਦਤ ਕਾਰਨ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰਿਵਾਰ ਵੱਲੋਂ ਮਦਦ ਲਈ ਸੰਪਰਕ ਕਰਨ ਉਪਰੰਤ ਮਹਿਲਾ ਦੀ ਕਾਊਂਸਲਿੰਗ ਕੀਤੀ ਗਈ, ਜਿਸ ਦੌਰਾਨ ਉਸ ਨੇ ਨਸ਼ਾ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਲੁੜੀਂਦੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਮਹਿਲਾ ਨੂੰ ਕਪੂਰਥਲਾ ਸਥਿਤ ਮਹਿਲਾ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਭੇਜਿਆ ਗਿਆ। ਇਸੇ ਤਰ੍ਹਾਂ ਸੰਤ ਨਗਰੀ, ਵਰਿਆਮ ਨਗਰ ਅਤੇ ਈਦਗਾਹ ਬਸਤੀ ਦੇ ਸੱਤ ਨੌਜਵਾਨਾਂ ਨੂੰ ਵੀ ਨਸ਼ਾ ਮੁਕਤੀ ਇਲਾਜ ਲਈ ਦਾਖਲ ਕਰਵਾਇਆ ਗਿਆ। ਇਹ ਸਾਰੇ ਨੌਜਵਾਨ 18 ਤੋਂ 30 ਸਾਲ ਦੀ ਉਮਰ ਵਰਗ ਨਾਲ ਸਬੰਧਿਤ ਹਨ ਅਤੇ ਕਾਫ਼ੀ ਸਮੇਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਸਨ। ਨੌਜਵਾਨਾਂ ਦੇ ਪਰਿਵਾਰਾਂ ਨੇ ਇੰਦਰਾ ਨਗਰੀ ਸੁਧਾਰ ਸਭਾ ਅਤੇ ਗਗਨ ਚੁੱਘ ਕੋਲ ਮਦਦ ਦੀ ਗੁਹਾਰ ਲਗਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿਟੀ-1 ਥਾਣੇ ਵਿਖੇ ਬੁਲਾਇਆ ਗਿਆ, ਜਿੱਥੇ ਐੱਸਐੱਚਓ ਮਨਿੰਦਰ ਸਿੰਘ ਨੇ ਉਨ੍ਹਾਂ ਨਾਲ ਗੱਲਬਾਤ ਕਰਕੇ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ। ਬਾਅਦ ਵਿੱਚ ਸਾਰੇ ਨੌਜਵਾਨਾਂ ਦੀ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਡਾ. ਪਿੰਕਾਸ਼ੀ ਦੁਆਰਾ ਮੈਡੀਕਲ ਜਾਂਚ ਕੀਤੀ ਗਈ। ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਉਪਰੰਤ ਉਨ੍ਹਾਂ ਨੂੰ ਜਟਵਾਲੀ ਸਥਿਤ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ। ਗਗਨ ਚੁੱਘ ਅਤੇ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕੇਵਲ ਨਸ਼ਾ ਪੀੜਤਾਂ ਨੂੰ ਕੇਂਦਰਾਂ ਵਿੱਚ ਦਾਖਲ ਕਰਵਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇ ਕੇ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣਾ ਵੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਸਮੱਸਿਆ ਨੂੰ ਲੁਕਾਉਣ ਦੀ ਬਜਾਏ ਸਮੇਂ ਸਿਰ ਇਲਾਜ ਕਰਵਾਇਆ ਜਾਵੇ, ਤਾਂ ਜੋ ‘ਨਸ਼ਾ ਮੁਕਤ ਅਬੋਹਰ’ ਦਾ ਸੁਪਨਾ ਸਾਕਾਰ ਹੋ ਸਕੇ।