50 ਫੁੱਟ ਡੂੰਘੀ ਡਿੱਗੀ 'ਚ ਢੱਕਣ ਸਮੇਤ ਜਾ ਡਿੱਗਾ ਨੌਜਵਾਨ, ਫਾਜ਼ਿਲਕਾ 'ਚ ਮਚੀ ਹਫੜਾ-ਦਫੜੀ; ਫਾਇਰ ਬ੍ਰਿਗੇਡ ਨੇ ਬਚਾਈ ਜਾਨ!
ਨੌਜਵਾਨ ਨੂੰ ਡਿੱਗੀ 'ਚ ਡਿੱਗਦਾ ਦੇਖ ਕੇ ਉੱਥੇ ਮੌਜੂਦ ਯਾਤਰੀਆਂ ਨੇ ਤੁਰੰਤ ਜੀਆਰਪੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਦੇ ਇੰਚਾਰਜ ਪ੍ਰਗਟ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ। ਬਚਾਅ ਕਾਰਜ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ।
Publish Date: Sat, 17 Oct 2026 03:06 PM (IST)
Updated Date: Sat, 17 Oct 2026 03:43 PM (IST)
ਜਾਗਰਣ ਸੰਵਾਦਦਾਤਾ, ਫਾਜ਼ਿਲਕਾ : ਫਾਜ਼ਿਲਕਾ ਦੇ ਰੇਲਵੇ ਅੰਡਰਬ੍ਰਿਜ ਨੇੜੇ ਸ਼ਨੀਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ ਗਿਆ। ਇੱਥੇ ਅੰਡਰਬ੍ਰਿਜ ਦੇ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਕਰੀਬ 50 ਫੁੱਟ ਡੂੰਘੀ ਡਿੱਗੀ 'ਚ ਇੱਕ ਨੌਜਵਾਨ ਅਚਾਨਕ ਢੱਕਣ ਸਮੇਤ ਡਿੱਗ ਗਿਆ। ਨੌਜਵਾਨ ਦੇ ਡਿੱਗੀ 'ਚ ਡਿੱਗਦੇ ਹੀ ਸਟੇਸ਼ਨ 'ਤੇ ਮੌਜੂਦ ਯਾਤਰੀਆਂ 'ਚ ਹੜਕੰਪ ਮਚ ਗਿਆ।
ਸ਼ੁਕਰ ਹੈ ਕਿ ਨੌਜਵਾਨ ਨੂੰ ਸਮੇਂ ਸਿਰ ਰੈਸਕਿਊ ਕਰਕੇ ਬਾਹਰ ਕੱਢ ਲਿਆ ਗਿਆ ਅਤੇ ਉਸ ਦੀ ਜਾਨ ਬਚ ਗਈ। ਹਾਦਸੇ 'ਚ ਨੌਜਵਾਨ ਦੀ ਬਾਂਹ 'ਤੇ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਮੌਕੇ 'ਤੇ ਮੌਜੂਦ ਰੋਹਿਤ ਕਟਾਰੀਆ ਨੇ ਦੱਸਿਆ ਕਿ ਆਲੇ-ਦੁਆਲੇ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਇੱਕ ਨੌਜਵਾਨ ਪੈਦਲ ਹੀ ਅੰਡਰਬ੍ਰਿਜ ਦੇ ਪਾਣੀ ਨੂੰ ਇਕੱਠਾ ਕਰਨ ਲਈ ਬਣਾਈ ਗਈ ਡਿੱਗੀ ਦੇ ਉੱਪਰੋਂ ਲੰਘ ਰਿਹਾ ਸੀ। ਅਚਾਨਕ ਢੱਕਣ ਸਮੇਤ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਕਰੀਬ 50 ਫੁੱਟ ਡੂੰਘੀ ਡਿੱਗੀ 'ਚ ਜਾ ਡਿੱਗਿਆ।
ਨੌਜਵਾਨ ਨੂੰ ਡਿੱਗੀ 'ਚ ਡਿੱਗਦਾ ਦੇਖ ਕੇ ਉੱਥੇ ਮੌਜੂਦ ਯਾਤਰੀਆਂ ਨੇ ਤੁਰੰਤ ਜੀਆਰਪੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਦੇ ਇੰਚਾਰਜ ਪ੍ਰਗਟ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ। ਬਚਾਅ ਕਾਰਜ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ।
ਨੌਜਵਾਨ ਨੂੰ ਬਾਹਰ ਕੱਢਣ ਲਈ ਡਿੱਗੀ 'ਚ ਪੌੜੀ ਲਗਾਈ ਗਈ। ਇਸ ਦੀ ਮਦਦ ਨਾਲ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਜੀਆਰਪੀ ਪੁਲਿਸ ਦੇ ਇੰਚਾਰਜ ਪ੍ਰਗਟ ਸਿੰਘ ਨੇ ਦੱਸਿਆ ਕਿ ਨੌਜਵਾਨ ਨੂੰ ਬਾਹਰ ਕੱਢਣਾ ਪਹਿਲੀ ਤਰਜੀਹ ਸੀ। ਨੌਜਵਾਨ ਕੌਣ ਸੀ ਅਤੇ ਉਹ ਕਿਸ ਤਰ੍ਹਾਂ ਡਿੱਗੀ 'ਚ ਡਿੱਗਿਆ, ਇਸ ਬਾਰੇ ਉਸ ਦੇ ਇਲਾਜ ਤੋਂ ਬਾਅਦ ਜਾਣਕਾਰੀ ਹਾਸਲ ਕੀਤੀ ਜਾਵੇਗੀ।