'ਮੇਰਾ ਪੁੱਤ ਤਾਂ ਨਸ਼ੇ ਨੇ ਖੋਹ ਲਿਆ, ਕਿਸੇ ਹੋਰ ਮਾਂ ਦਾ ਲਾਲ ਨਾ ਜਾਵੇ', ਜਾਖੜ ਦੇ ਸਾਹਮਣੇ ਫੁੱਟ-ਫੁੱਟ ਕੇ ਰੋਈ ਮਾਂ ਸੁਨੀਲ ਜਾਖੜ ਨੇ ਸੂਬੇ 'ਚ ਵੱਧ ਰਹੇ ਨਸ਼ੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੁਦ ਹੀ ਗੁੰਡੇ ਪਾਲ ਰੱਖੇ ਹਨ, ਜਿਨ੍ਹਾਂ ਨੂੰ ਕਾਬੂ ਕਰਨ ਤੋਂ ਪੁਲਿਸ ਵੀ ਡਰਦੀ ਹੈ। ਅਪਰਾਧਿਕ ਕਿਸਮ ਦੇ ਲੋਕਾਂ ਨੂੰ ਰਾਜਨੀਤੀ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਪੰਜਾਬ 'ਚ ਵਿਗੜੀ ਕਾਨੂੰਨ-ਵਿਵਸਥਾ ਲਈ ਸਰਕਾਰ ਜ਼ਿੰਮੇਵਾਰ ਹੈ।
Publish Date: Sat, 19 Sep 2026 05:06 PM (IST)
Updated Date: Sat, 19 Sep 2026 05:12 PM (IST)
ਸੰਵਾਦ ਸਹਿਯੋਗੀ, ਜਾਗਰਣ, ਅਬੋਹਰ : ' ਮੇਰਾ ਪੁੱਤ ਤਾਂ ਨਸ਼ੇ ਨੇ ਖੋਹ ਲਿਆ ਹੈ ਪਰ ਕਿਸੇ ਹੋਰ ਮਾਂ ਦਾ ਲਾਲ ਇਸ ਕਾਰਨ ਨਾ ਜਾਵੇ। ਇਸ ’ਤੇ ਰੋਕ ਲਾਓ।' ਚੀਕ-ਚੀਕ ਕੇ ਇਹ ਪੁਕਾਰ ਕਰ ਰਹੀ ਸੀ ਨਾਨਕ ਨਗਰੀ ਵਾਸੀ ਇੱਕ ਬੇਵੱਸ ਮਾਂ। ਗੌਰਤਲਬ ਹੈ ਕਿ ਅਬੋਹਰ ਦੇ ਨਾਨਕ ਨਗਰੀ ਗਲੀ ਨੰਬਰ-6 ਵਾਸੀ 22 ਸਾਲਾ ਲਵਪ੍ਰੀਤ ਦੀ ਲਾਸ਼ ਕਰੀਬ ਚਾਰ ਦਿਨ ਪਹਿਲਾਂ ਪੰਜਪੀਰ ਟਿੱਬਾ ਨੇੜੇ ਝਾੜੀਆਂ ’ਚੋਂ ਮਿਲੀ ਸੀ। ਪਰਿਵਾਰਕ ਮੈਂਬਰਾਂ ਨੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋਣ ਦੇ ਕਥਿਤ ਦੋਸ਼ ਲਾਏ ਸਨ। ਹੁਣ ਪਰਿਵਾਰ 'ਚ ਮਾਂ ਅਤੇ ਉਸ ਦੀਆਂ ਦੋ ਧੀਆਂ ਹਨ।
ਸ਼ਨੀਵਾਰ ਨੂੰ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤਾਂ ਮਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਪਰਿਵਾਰ ਨੇ ਰੋਂਦੇ ਹੋਏ ਸੁਨੀਲ ਜਾਖੜ ਨੂੰ ਦੱਸਿਆ ਕਿ ਸਰੇਆਮ ਨਸ਼ਾ ਵਿਕਣ ਦੀ ਸ਼ਿਕਾਇਤ ਉਹ ਪਹਿਲਾਂ ਵੀ ਪੁਲਿਸ ਨੂੰ ਕਰਦੇ ਰਹੇ ਹਨ। ਇਸ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ। ਮਾਂ ਨੇ ਰੋਂਦੇ ਹੋਏ ਕਿਹਾ ਕਿ ਜੇ ਪੁਲਿਸ ਨੇ ਪਹਿਲਾਂ ਹੀ ਸੁਣਵਾਈ ਕਰ ਕੇ ਨਸ਼ਾ ਵੇਚਣ ਵਾਲਿਆਂ ਨੂੰ ਫੜ ਲਿਆ ਹੁੰਦਾ ਤਾਂ ਸ਼ਾਇਦ ਉਸ ਦੇ ਪੁੱਤ ਦੀ ਜਾਨ ਬਚ ਜਾਂਦੀ।
ਜਾਖੜ ਨੇ ਪੰਜਾਬ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਸੁਨੀਲ ਜਾਖੜ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਪਰਿਵਾਰ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਜਵਾਨ ਪੁੱਤ ਦੀ ਮੌਤ ਦਾ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ। ਹੁਣ ਮਾਂ-ਧੀਆਂ ਨੇ ਨਸ਼ੇ ਕਾਰਨ ਹੋਈ ਮੌਤ ਦੀ ਗੱਲ ਚੰਡੀਗੜ੍ਹ ਤੱਕ ਪਹੁੰਚਾਈ ਹੈ, ਇਸ ਲਈ ਉਹ ਉਨ੍ਹਾਂ ਦੀ ਹਿੰਮਤ ਦੀ ਦਾਦ ਦਿੰਦੇ ਹਨ।
ਸੁਨੀਲ ਜਾਖੜ ਨੇ ਸੂਬੇ 'ਚ ਵੱਧ ਰਹੇ ਨਸ਼ੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੁਦ ਹੀ ਗੁੰਡੇ ਪਾਲ ਰੱਖੇ ਹਨ, ਜਿਨ੍ਹਾਂ ਨੂੰ ਕਾਬੂ ਕਰਨ ਤੋਂ ਪੁਲਿਸ ਵੀ ਡਰਦੀ ਹੈ। ਅਪਰਾਧਿਕ ਕਿਸਮ ਦੇ ਲੋਕਾਂ ਨੂੰ ਰਾਜਨੀਤੀ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਪੰਜਾਬ 'ਚ ਵਿਗੜੀ ਕਾਨੂੰਨ-ਵਿਵਸਥਾ ਲਈ ਸਰਕਾਰ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਗੁੰਡਾ ਤੱਤ ਜਾਨੋਂ ਮਾਰ ਰਹੇ ਹਨ। ਇਸ ਲਈ ਉਨ੍ਹਾਂ ਨੇ ਹਾਲ ਹੀ 'ਚ ਗਿੱਦੜਾਵਾਲੀ 'ਚ ਹੋਈ ਘਟਨਾ ਦਾ ਜ਼ਿਕਰ ਕੀਤਾ। ਸਮਾਂ ਆਉਣ ’ਤੇ ਸਾਰਿਆਂ ਦਾ ਹਿਸਾਬ ਹੋਵੇਗਾ। ਜਾਖੜ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਨਾਲ ਪੂਰੀ ਭਾਜਪਾ ਟੀਮ ਅਤੇ ਉਹ ਖ਼ੁਦ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸੰਦੀਪ ਜਾਖੜ, ਨੀਰਜ ਸਚਦੇਵਾ, ਸੰਜੀਵ ਚਾਹਰ ਆਦਿ ਮੌਜੂਦ ਸਨ।