ਫਾਜ਼ਿਲਕਾ-ਅਬੋਹਰ ਰੋਡ ’ਤੇ ਦਰਦਨਾਕ ਹਾਦਸਾ, 16 ਸਾਲਾ ਵਿਦਿਆਰਥੀ ਦੀ ਮੌਤ
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣਫਾਜ਼ਿਲਕਾ
Publish Date: Mon, 22 Jun 2026 06:11 PM (IST)
Updated Date: Mon, 22 Jun 2026 06:13 PM (IST)

ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ-ਅਬੋਹਰ ਰੋਡ ’ਤੇ ਸਥਿਤ ਪਿੰਡ ਗਿੱਦੜਾਂਵਾਲੀ ਦੇ ਇੱਕ ਹੋਣਹਾਰ 16 ਸਾਲਾ ਵਿਦਿਆਰਥੀ ਅਤੇ ਉਭਰਦੇ ਕ੍ਰਿਕਟਰ ਅਰਸ਼ਵਿੰਦਰ ਸਿੰਘ ਦੀ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਹ ਪਿਛਲੇ 10 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਸੀ। ਅਰਸ਼ਵਿੰਦਰ 13 ਜੂਨ ਨੂੰ ਪਿੰਡ ਦੀ ਫਿਰਨੀ ’ਤੇ ਮੋਟਰਸਾਈਕਲ ਚਲਾਉਂਦੇ ਸਮੇਂ ਅਚਾਨਕ ਬੇਸਹਾਰਾ ਪਸ਼ੂਆਂ ਦੀ ਚਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਅਰਸ਼ਵਿੰਦਰ 11ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਨਾ ਸਿਰਫ਼ ਪੜ੍ਹਾਈ ਵਿੱਚ ਹੋਣਹਾਰ ਸੀ, ਸਗੋਂ ਕ੍ਰਿਕਟ ਦਾ ਵੀ ਵਧੀਆ ਖਿਡਾਰੀ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਦੇ ਸੁਪਨੇ ਟੁੱਟ ਗਏ ਹਨ। ਬਾਈਕ ’ਤੇ ਘੁੰਮਣ ਨਿਕਲਿਆ ਸੀ, ਵਾਪਰ ਗਿਆ ਹਾਦਸਾ ਪਰਿਵਾਰਕ ਸੂਤਰਾਂ ਮੁਤਾਬਕ ਹਾਦਸੇ ਵਾਲੇ ਦਿਨ ਅਰਸ਼ਵਿੰਦਰ ਸਿੰਘ (ਪੁੱਤਰ ਬਿੰਦਰ ਸਿੰਘ) ਆਪਣੀ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਵਿੱਚ ਘੁੰਮਣ ਨਿਕਲਿਆ ਸੀ। ਜਦੋਂ ਉਹ ਪਿੰਡ ਦੀ ਫਿਰਨੀ ਕੋਲ ਪਹੁੰਚਿਆ ਤਾਂ ਸੜਕ ਤੇ ਅਚਾਨਕ ਕੁਝ ਬੇਸਹਾਰਾ ਪਸ਼ੂ ਆਪਸ ਵਿੱਚ ਲੜ ਪਏ। ਲੜਦੇ-ਲੜਦੇ ਇਹ ਪਸ਼ੂ ਅਰਸ਼ਵਿੰਦਰ ਦੀ ਤੇਜ਼ ਰਫ਼ਤਾਰ ਮੋਟਰਸਾਈਕਲ ਨਾਲ ਟਕਰਾ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਸੜਕ ਤੇ ਦੂਰ ਜਾ ਡਿੱਗਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ। ਉਸ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਾਲਤ ਨਾਜ਼ੁਕ ਹੋਣ ਕਾਰਨ ਏਮਜ਼ ਬਠਿੰਡਾ ਰੈਫਰ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਭਿਆਨਕ ਹਾਦਸੇ ਵਿੱਚ ਅਰਸ਼ਵਿੰਦਰ ਦੀ ਰੀੜ੍ਹ ਦੀ ਹੱਡੀ ਦੇ ਮਨਕਿਆਂ ਨੂੰ ਗੰਭੀਰ ਨੁਕਸਾਨ ਪੁੱਜਿਆ ਸੀ। ਏਮਜ਼ ਦੇ ਡਾਕਟਰਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ, ਪਿਛਲੇ 10 ਦਿਨਾਂ ਤੋਂ ਵੈਂਟੀਲੇਟਰ ਅਤੇ ਆਈਸੀਯੂ ਵਿੱਚ ਇਲਾਜ ਅਧੀਨ ਅਰਸ਼ਵਿੰਦਰ ਨੇ ਐਤਵਾਰ ਸਵੇਰੇ ਆਖ਼ਰੀ ਸਾਹ ਲਿਆ। ਅਰਸ਼ਵਿੰਦਰ ਆਪਣੀ ਪੜ੍ਹਾਈ ਦੇ ਨਾਲ-ਨਾਲ ਕ੍ਰਿਕਟ ਵਿੱਚ ਵੀ ਖਾਸ ਪਛਾਣ ਬਣਾ ਰਿਹਾ ਸੀ। ਉਸ ਦੀ ਅਚਨਚੇਤ ਅਤੇ ਦੁਖਦਾਈ ਮੌਤ ਦੀ ਖ਼ਬਰ ਨਾਲ ਪਿੰਡ ਗਿੱਦੜਾਂਵਾਲੀ ਅਤੇ ਸਥਾਨਕ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀਆਂ ਨੇ ਇਸ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੇ ਦਰਦਨਾਕ ਹਾਦਸਿਆਂ ਤੋਂ ਬਚਿਆ ਜਾ ਸਕੇ।