ਸਰਦਾਰ ਦਰਸ਼ਨ ਸਿੰਘ ਦੀ ਯਾਦ ਤੇ ਵਿਸ਼ਵ ਦਿਹਾੜੇ ’ਤੇ 1252 ਯੂਨਿਟ ਖੂਨਦਾਨ
ਸਰਦਾਰ ਦਰਸ਼ਨ ਸਿੰਘ ਦੀ ਯਾਦ ਅਤੇ ਵਿਸ਼ਵ ਰਕਤਦਾਨ ਦਿਵਸ ਨੂੰ ਸਮਰਪਿਤ 1252 ਯੂਨਿਟ ਖੂਨਦਾਨ
Publish Date: Tue, 16 Jun 2026 04:41 PM (IST)
Updated Date: Tue, 16 Jun 2026 04:42 PM (IST)

ਦੀਪਕ ਕੁਮਾਰ ਡੀਕੇ.ਪੰਜਾਬੀ ਜਾਗਰਣ ਫਾਜ਼ਿਲਕਾ : ਮਨੁੱਖਤਾ ਦੀ ਸੇਵਾ ਤੇ ਲੋੜਵੰਦ ਮਰੀਜ਼ਾਂ ਨੂੰ ਜੀਵਨਦਾਨ ਦੇ ਉਦੇਸ਼ ਨਾਲ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਫਾਜ਼ਿਲਕਾ ਵਿੱਚ ਵਿਸ਼ਾਲ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਵੱਲੋਂ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਫਾਜ਼ਿਲਕਾ, ਬਾਬਾ ਖੇਤਰਪਾਲ ਸੇਵਾਦਾਰ ਸੋਸਾਇਟੀ ਅਤੇ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਸ਼ਾਹ ਪੈਲੇਸ ਵਿੱਚ ਲਗਾਇਆ ਗਿਆ ਇਹ ਕੈਂਪ ਸਵਰਗੀ ਸਰਦਾਰ ਦਰਸ਼ਨ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਕੈਂਪ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲੈਂਦਿਆਂ ਕੁੱਲ 1252 ਯੂਨਿਟ ਖ਼ੂਨਦਾਨ ਕੀਤਾ ਅਤੇ ਪਿਛਲੇ ਸਾਲ ਦਾ ਰਿਕਾਰਡ ਵੀ ਤੋੜ ਦਿੱਤਾ। ਕੈਂਪ ਵਿੱਚ ਫਾਜ਼ਿਲਕਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ, ਸਮਾਜ ਸੇਵੀ ਅਤੇ ਸ਼ਹਿਰ ਵਾਸੀ ਪਹੁੰਚੇ। ਖ਼ੂਨਦਾਨ ਇਕੱਠਾ ਕਰਨ ਲਈ ਵੱਖ-ਵੱਖ ਸਿਹਤ ਸੰਸਥਾਵਾਂ ਦੀਆਂ ਟੀਮਾਂ ਤੈਨਾਤ ਰਹੀਆਂ। ਫਾਜ਼ਿਲਕਾ ਬਲੱਡ ਬੈਂਕ ਵੱਲੋਂ 170 ਯੂਨਿਟ, ਅਬੋਹਰ ਸਿਵਲ ਹਸਪਤਾਲ ਵੱਲੋਂ 198 ਯੂਨਿਟ, ਫਰੀਦਕੋਟ ਮੈਡੀਕਲ ਕਾਲਜ ਵੱਲੋਂ 545 ਯੂਨਿਟ, ਕੋਟਕਪੂਰਾ ਸਿਵਲ ਹਸਪਤਾਲ ਵੱਲੋਂ 56 ਯੂਨਿਟ, ਮੁਕਤਸਰ ਸਿਵਲ ਹਸਪਤਾਲ ਵੱਲੋਂ 137 ਯੂਨਿਟ ਅਤੇ ਮਲੋਟ ਸਿਵਲ ਹਸਪਤਾਲ ਵੱਲੋਂ 150 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ। ਸ਼ਾਹ ਪਰਿਵਾਰ ਦੇ ਸੁਖਵਿੰਦਰ ਸ਼ਾਹ ਅਤੇ ਕੰਵਲ ਸ਼ਾਹ ਨੇ ਕੈਂਪ ਵਿੱਚ ਪਹੁੰਚੇ ਸਾਰੇ ਖ਼ੂਨਦਾਤਿਆਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਇੱਕ ਐਸਾ ਮਹਾਨ ਕਾਰਜ ਹੈ ਜਿਸ ਨਾਲ ਕਿਸੇ ਲੋੜਵੰਦ ਵਿਅਕਤੀ ਨੂੰ ਨਵਾਂ ਜੀਵਨ ਮਿਲ ਸਕਦਾ ਹੈ। ਕੈਂਪ ਦੌਰਾਨ ਥੈਲੇਸੀਮੀਆ ਪੀੜਤ ਬੱਚੇ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਅਤੇ ਉਨ੍ਹਾਂ ਨੇ ਖ਼ੂਨਦਾਤਿਆਂ ਦਾ ਹੌਸਲਾ ਵਧਾਇਆ। ਆਯੋਜਕਾਂ ਨੇ ਦੱਸਿਆ ਕਿ ਪਿਛਲੇ ਸਾਲ 1151 ਯੂਨਿਟ ਖ਼ੂਨਦਾਨ ਹੋਇਆ ਸੀ, ਜਦਕਿ ਇਸ ਵਾਰ 1252 ਯੂਨਿਟ ਖ਼ੂਨਦਾਨ ਕਰਕੇ ਨਵਾਂ ਰਿਕਾਰਡ ਬਣਾਇਆ ਗਿਆ ਹੈ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਖ਼ੂਨਦਾਨ ਮੁਹਿੰਮ ਦਾ ਮੁੱਖ ਉਦੇਸ਼ ਬਲੱਡ ਬੈਂਕ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨਾ ਅਤੇ ਲੋੜ ਪੈਣ ’ਤੇ ਮਰੀਜ਼ਾਂ ਤੱਕ ਸਮੇਂ ਸਿਰ ਖ਼ੂਨ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ। ਕੈਂਪ ਦੌਰਾਨ ਖ਼ੂਨਦਾਨ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ, ਭਾਰਤ ਵਿਕਾਸ ਪਰਿਸ਼ਦ, ਬਾਬਾ ਖੇਤਰਪਾਲ ਸੇਵਾਦਾਰ ਸੋਸਾਇਟੀ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਸ਼ਹਿਰ ਦੇ ਪ੍ਰਤਿਨਿਧੀ ਹਾਜ਼ਰ ਸਨ।