- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਵਿਸ਼ਵ ਜ਼ੂਨੋਸਿਸ ਦਿਵਸ ਮਨਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਵਿਸ਼ਵ ਜੂਨੋਸਿਸ਼ ਦਿਵਸ ਦੇ ਮੌਕੇ ’ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਵਿਧਾਇਕ ਬਸੀ ਪਠਾਣਾ ਰੁਪਿੰਦਰ ਸਿੰਘ ਹੈਪੀ ਤੇ ਐਨਜੀਓ ਗੁਰਵਿੰਦਰ ਸਿੰਘ ਸੋਹੀ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਮਨੁੱਖ ਨੂੰ ਜਾਨਵਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਸੁਚੇਤ ਕਰਨ ਲਈ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ ਨੇ ਕੈਂਪ ਨੂੰ ਸੰਬੋਧਨ ਕਰਦੇ ਹੋਏ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਸੁਚੇਤ ਰਹਿਣ ਤੇ ਉਨ੍ਹਾਂ ਤੋਂ ਬਚਣ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਲਕਾਅ, ਇਨਫਲੂਏਂਜਾ, ਬਰੂਸੀਲੋਸਿਸ, ਪਲੇਗ, ਤਪਦਿਕ, ਧੱਦਰ ਰੋਗ, ਸਵਾਈਨ ਫਲੂ, ਬਰਡ ਫਲੂ, ਇਬੋਲਾ, ਚਿਕਨਗੁਣੀਆ, ਜਪਾਨੀ ਇਨਸੇਫਲਾਈਟਸ, ਰਿਕਟਸੀਓਸਿਸ ਆਦਿ ਜ਼ੂਨੋਟਿਕ ਬਿਮਾਰੀਆਂ ਹੁੰਦੀਆਂ ਹਨ ਜੋ ਜਾਨਵਰਾਂ ਵੱਲੋਂ ਮਨੁੱਖ ਨੂੰ ਕੱਟਣ ਨਾਲ ਜਾਂ ਮਨੁੱਖੀ ਸਰੀਰ ਦੇ ਲਾਗ ਵਾਲੇ ਜਾਨਵਰ ਦੇ ਸਰੀਰਕ ਤਰਲ ਪਦਾਰਥ ਦੇ ਸੰਪਰਕ ’ਚ ਆਉਣ ਨਾਲ ਵਾਇਰਸ, ਬੈਕਟੀਰੀਆ, ਫੰਜਾਈ ਜਾਂ ਪਰਜੀਵੀਆਂ ਰਾਹੀਂ ਮਨੁੱਖੀ ਸਰੀਰ ’ਚ ਪ੍ਰਵੇਸ਼ ਕਰਦੀਆਂ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਜੂਨੋਸਿਸ ਬਿਮਾਰੀਆਂ ਜਾਨਵਰਾਂ ਵਿੱਚ ਪੈਦਾ ਹੁੰਦੀਆਂ ਹਨ, ਜਦੋਂ ਮਨੁੱਖੀ ਸਰੀਰ ਇਹਨਾਂ ਜਾਨਵਰਾਂ ਦੇ ਸੰਪਰਕ ’ਚ ਆਉਂਦਾ ਹੈ ਤਾਂ ਇਹ ਮਨੁੱਖ ਵਿੱਚ ਫੈਲ ਜਾਂਦੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਆਪਣੇ ਸੰਪਰਕ ਵਿੱਚ ਆਉਣ ਵਾਲੇ ਜਾਨਵਰਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ, ਘਰੇਲੂ ਪਾਲਤੂ ਜਾਨਵਰਾਂ ਦਾ ਸਹੀ ਸਮੇਂ ’ਤੇ ਪਸ਼ੂਆਂ ਦੇ ਮਾਹਰ ਡਾਕਟਰ ਕੋਲੋਂ ਨਿਰੀਖਣ ਕਰਵਾ ਕੇ ਨਿਰਧਾਰਿਤ ਟੀਕਾਕਰਨ ਕਰਵਾਇਆ ਜਾਵੇ, ਜਾਨਵਰਾਂ ਦੇ ਮਲ-ਮੂਤਰ ਦਾ ਸਹੀ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ ਤੇ ਰੋਗੀ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖਰਾ ਰੱਖਿਆ ਜਾਵੇ। ਰਿਸਰਚ ਸਾਇੰਟਿਸਟ ਡਾ. ਸੰਪਨ ਅੱਤਰੀ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ੁਭਮ ਸੂਰੀ ਨੇ ਕਿਹਾ ਕਿ ਘਰਾਂ ਵਿਚ ਆਉਣ ਵਾਲੇ ਜਾਨਵਰਾਂ ਜਿਵੇਂ ਚੂਹੇ, ਛਿਪਕਲੀਆਂ, ਡੱਡੂ ਆਦਿ ਦੀ ਰੋਕਥਾਮ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ, ਮੇਲ ਵਰਕਰ ਜਗਰੂਪ ਸਿੰਘ, ਡਾਟਾ ਐਂਟਰੀ ਅਪਰੇਟਰ ਮਨਪ੍ਰੀਤ ਕੌਰ, ਹਰਸ਼ਦੀਪ ਸਿੰਘ ਅਤੇ ਨਰਸਿੰਗ ਵਿਦਿਆਰਥੀ ਮੌਜੂਦ ਸਨ।