ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਤੱਕ ਨਸ਼ਿਆ ਵਿਰੁੱਧ ਜੰਗ ਜਾਰੀ ਰਹੇਗੀ : ਮੁੰਡੀਆਂ
ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਤੱਕ ਨਸ਼ਿਆ ਵਿਰੁੱਧ ਜੰਗ ਜਾਰੀ ਰਹੇਗੀ : ਮੁੰਡੀਆਂ
Publish Date: Thu, 25 Jun 2026 06:45 PM (IST)
Updated Date: Fri, 26 Jun 2026 04:10 AM (IST)

ਪਰਦੀਪ ਸਿੰਘ ਢਿੱਲੋ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਤਹਿਤ ਪੰਜਾਬ ਦੇ ਮਾਲ ਅਤੇ ਪੁਨਰ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਥਾਨਕ ਬੱਚਤ ਭਵਨ ਵਿਖੇ ਵਿਲੇਜ਼ ਡਿਫੈਂਸ ਕਮੇਟੀਆ, ਬਲਾਕ ਕੋ-ਆਰਡੀਨੇਟਰਾਂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਫਤਹਿਗੜ੍ਹ ਸਾਹਿਬ ਲਖਬੀਰ ਸਿੰਘ ਰਾਏ ਵੀ ਮੌਜੂਦ ਸਨ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਤੱਕ ਨਸ਼ਿਆ ਵਿਰੁੱਧ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ, ਜੇ ਹਰ ਜਾਗਰੂਕ ਨਾਗਰਿਕ ਆਪਣਾ ਫਰਜ਼ ਸਮਝ ਕੇ ਇਸ ਮੁਹਿੰਮ ਵਿਚ ਯੋਗਦਾਨ ਪਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮੁਹਿੰਮ ਨਾਲ ਜੁੜੇ ਕੋਆਰਡੀਨੇਟਰਾਂ, ਹਲਕਾ ਇੰਚਾਰਜਾਂ ਤੇ ਟੀਮ ਸਮੇਤ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ਤੇ ਖੇਡ ਸਟੇਡੀਅਮਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਖੇਡਾਂ ਨਾਲ ਜੁੜ ਕੇ ਅਜਿਹੀਆਂ ਮਾੜੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ ਤੇ ਸੂਬੇ ਦੀ ਜਵਾਨੀ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਮੁੰਡੀਆ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਾ ਤਸਕਰੀ ਕਰਨ ਵਾਲਿਆ ਲਈ ਕੋਈ ਥਾਂ ਨਹੀਂ ਹੈ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ’ਤੇ ਬ਼ਖਸ਼ਿਆ ਨਹੀਂ ਜਾਵੇਗਾ। ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਜਿਹੜੇ ਵੀ ਨਾਗਰਿਕ ਗੁੰਮਰਾਹ ਹੋ ਕੇ ਨਸ਼ਿਆਂ ਦੇ ਰੋਗ ਦਾ ਸ਼ਿਕਾਰ ਹੋ ਗਏ ਹਨ ਉਨ੍ਹਾਂ ਦਾ ਇਲਾਜ ਸੰਭਵ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਜਾਵੇ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਜੈ ਸਿੰਘ ਲਿਬੜਾ, ਯੁੱਧ ਨਸ਼ਿਆਂ ਵਿਰੁੱਧ ਦੇ ਜ਼ਿਲ੍ਹਾ ਕੋ-ਆਰਡੀਨੇਟਰ ਓਕਾਂਰ ਚੌਹਾਨ, ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਐੱਸਐੱਸਪੀ ਸੁਭਮ ਅਗਰਵਾਲ,ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐੱਸਡੀਐੱਮ ਫਤਹਿਗੜ੍ਹ ਸਾਹਿਬ ਕਰੁਣ ਗੁਪਤਾ, ਐੱਸਡੀਐੱਮ ਬੱਸੀ ਪਠਾਣਾਂ ਦੀਪਜੋਤ ਕੌਰ, ਐੱਸਡੀਐੱਮ ਖਮਾਣੋਂ ਅਰਵਿੰਦ ਕੁਮਾਰ ਗੁਪਤਾ, ਆਰਟੀਏ, ਨਮਨ ਮੜਕਨ, ਐੱਸਪੀ ਹਰਵੰਤ ਕੌਰ, ਡੀਐੱਸਪੀ ਬੱਸੀ ਪਠਾਣਾਂ ਰਾਜ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਸਪ੍ਰੀਤ ਕੌਰ, ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਸਮੇਤ ਹੋਰ ਆਗੂ ਅਤੇ ਅਧਿਕਾਰੀ ਮੌਜੂਦ ਸਨ।