ਉਚੇਰੀ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜ ਰਹੀ ਹੈਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਉਚੇਰੀ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜ ਰਹੀ ਹੈ ਯੂਨੀਵਰਸਿਟੀ: ਵਾਈਸ ਚਾਂਸਲਰ
Publish Date: Thu, 18 Jun 2026 05:42 PM (IST)
Updated Date: Fri, 19 Jun 2026 04:07 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਕਿਹਾ ਹੈ ਕਿ ਯੂਨੀਵਰਸਿਟੀ ਬਿਨਾਂ ਕਿਸੇ ਭੇਦਭਾਵ ਦੇ ਸਭ ਨੂੰ ਉੱਚ ਪੱਧਰੀ ਵਿੱਦਿਆ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੀ ਸਥਾਪਨਾ ਸਿਰਫ਼ ਇੱਕ ਆਮ ਵਿਦਿਅਕ ਅਦਾਰਾ ਖੋਲ੍ਹਣ ਲਈ ਨਹੀਂ, ਸਗੋਂ ਨੈਤਿਕ ਆਧਾਰ ਵਾਲੇ, ਦਇਆਵਾਨ ਅਤੇ ਸੰਵੇਦਨਸ਼ੀਲ ਪੇਸ਼ਾਵਰਾਂ ਨੂੰ ਘੜਨ ਲਈ ਕੀਤੀ ਗਈ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਗਿਆਨ, ਸੇਵਾ ਅਤੇ ਸਰਬੱਤ ਦੇ ਭਲੇ ਦੇ ਗੁਰੂ ਸਾਹਿਬ ਦੇ ਸਰਬਕਾਲੀ ਸਿਧਾਂਤ ਤੋਂ ਪ੍ਰੇਰਣਾ ਲੈ ਰਹੇ ਹਨ। ਅਦਾਰਾ ਆਪਣੇ ਸੋਲ੍ਹਵੇਂ ਵਰ੍ਹੇ 2026 ’ਚ ਦਾਖ਼ਲ ਹੋ ਕੇ ਇਸ ਮਹਾਨ ਸੋਚ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਕੈਂਪਸ ਪਲੇਸਮੈਂਟ ’ਚ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ। ਪਿਛਲੇ ਕੁਝ ਵਰ੍ਹਿਆਂ ’ਚ ਨੈਸਲੇ, ਕੈਡਬਰੀ, ਟੀਸੀਐੱਸ ਅਤੇ ਪ੍ਰੋਡੈੱਸਕ ਵਰਗੀਆਂ 400 ਤੋਂ ਵੱਧ ਮੋਹਰੀ ਕੰਪਨੀਆਂ ਕੈਂਪਸ ’ਚ ਆ ਚੁੱਕੀਆਂ ਹਨ। ਆਈਟੀ ਖੇਤਰ ’ਚ ਸ਼ਿਖਰਲੀ ਤਨਖਾਹ ਪੈਕੇਜ 15 ਲੱਖ ਰੁਪਏ ਤੱਕ ਪਹੁੰਚਿਆ ਹੈ ਅਤੇ ਵੱਡੀ ਗਿਣਤੀ ਵਿਦਿਆਰਥੀਆਂ ਨੇ 5 ਲੱਖ ਤੋਂ 10 ਲੱਖ ਰੁਪਏ ਤੱਕ ਦੇ ਪੈਕੇਜ ਹਾਸਲ ਕੀਤੇ ਹਨ। ਲਗਾਤਾਰ ਕੈਂਪਸ ਭਰਤੀ ਮੁਹਿੰਮ, ਤਕਨੀਕੀ ਵਰਕਸ਼ਾਪ ਅਤੇ ਉਦਯੋਗ ਨਾਲ ਮਜ਼ਬੂਤ ਸਾਂਝ ਰਾਹੀਂ ਵਿਦਿਆਰਥੀਆਂ ਨੂੰ ਬਿਹਤਰ ਕੈਰੀਅਰ ਲਈ ਤਿਆਰ ਕੀਤਾ ਜਾਂਦਾ ਹੈ। ਵਾਈਸ ਚਾਂਸਲਰ ਅਨੁਸਾਰ ਇੱਥੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਜ਼ੀਫ਼ਾ ਯੋਜਨਾ’ ਅਤੇ ਅੰਮ੍ਰਿਤਧਾਰੀ ਬੱਚੀਆਂ ਲਈ ਫ਼ੀਸ, ਰਿਹਾਇਸ਼ ਤੇ ਭੋਜਨ ਸਮੇਤ ਪੂਰੀ ਤਰ੍ਹਾਂ ਮੁਫ਼ਤ ਸਿੱਖਿਆ ਦੀ ਖ਼ਾਸ ਫ਼ਲੈਗਸ਼ਿਪ ਯੋਜਨਾ ਚੱਲ ਰਹੀ ਹੈ। ਇਸ ਤੋਂ ਇਲਾਵਾ, ਮਾਲੀ ਤੌਰ ’ਤੇ ਕਮਜ਼ੋਰ, ਪੇਂਡੂ ਅਤੇ ਲੋੜਵੰਦ ਵਰਗਾਂ ਦੇ ਹਜ਼ਾਰਾਂ ਵਿਦਿਆਰਥੀ ਵਜ਼ੀਫ਼ਾ ਅਤੇ ਫ਼ੀਸ ਛੋਟ ਸਕੀਮਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪੰਜ ਪਿੰਡਾਂ ਨੂੰ ਗੋਦ ਲੈ ਕੇ ਮੁਫ਼ਤ ਸਿਹਤ ਜਾਂਚ, ਖੂਨਦਾਨ ਅਤੇ ਰੁੱਖ ਲਗਾਉਣ ਵਰਗੀਆਂ ਸਮਾਜਕ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਲਾਕੇ ਦੇ ਲੋਕਾਂ ਲਈ ਮੁਫ਼ਤ ਫ਼ਿਜ਼ੀਓਥੈਰੇਪੀ ਓਪੀਡੀ ਸੇਵਾਵਾਂ ਵੀ ਉਪਲਬਧ ਹਨ। ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਐਕਟ ਨੰਬਰ 20 ਆਫ਼ 2008 ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2008 ’ਚ ਸਥਾਪਿਤ ਇਸ ਯੂਨੀਵਰਸਿਟੀ ਨੇ ਲੰਘੇ 15 ਵਰ੍ਹਿਆਂ ’ਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਯੂਨੀਵਰਸਿਟੀ ਯੂਜੀਸੀ ਦੀ ਧਾਰਾ 2ਐਫ ਅਤੇ ਐਨਐਏਸੀ ਵੱਲੋਂ ਮਾਨਤਾ ਪ੍ਰਾਪਤ ਹੈ। ਇਹ ਅਦਾਰਾ 137 ਏਕੜ ਦੇ ਵਿਸ਼ਾਲ ਕੈਂਪਸ ’ਚ ਸਥਾਪਤ ਹੈ, ਜਿੱਥੇ ਵਰਤਮਾਨ ਸਮੇਂ 11 ਫੈਕਲਟੀਆਂ ਅਤੇ 22 ਵਿਭਾਗਾਂ ’ਚ 5000 ਤੋਂ ਵੱਧ ਵਿਦਿਆਰਥੀ 60 ਤੋਂ ਵੱਧ ਪ੍ਰੋਗਰਾਮਾਂ ਅਧੀਨ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇੱਥੇ ਏਆਈ, ਮਸ਼ੀਨ ਲਰਨਿੰਗ, ਡਾਟਾ ਸਾਇੰਸ, ਬਾਇਓਟੈਕਨਾਲੋਜੀ ਦੇ ਨਾਲ-ਨਾਲ ਖੇਤੀਬਾੜੀ, ਪ੍ਰਬੰਧਨ, ਕਾਨੂੰਨ, ਫਿਜ਼ੀਓਥੈਰੇਪੀ ਅਤੇ ਸਮਾਜਿਕ ਵਿਗਿਆਨ ਵਰਗੇ ਅਹਿਮ ਵਿਸ਼ੇ ਪੜ੍ਹਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਮੁੱਢਲੀ ਜਾਣ-ਪਛਾਣ’ ਦਾ ਲਾਜ਼ਮੀ ਕੋਰਸ ਵੀ ਕਰਵਾਇਆ ਜਾਂਦਾ ਹੈ। ਸੈਸ਼ਨ 2026-27 ਲਈ ਐਂਡਰਗ੍ਰੈਜੂਏਟ, ਪੋਸਟ ਗ੍ਰੈਜੂਏਟ, ਡਿਪਲੋਮਾ ਅਤੇ ਇੰਟੀਗ੍ਰੇਟਿਡ ਪ੍ਰੋਗਰਾਮਾਂ ’ਚ ਦਾਖਲੇ ਸ਼ੁਰੂ ਹੋ ਚੁੱਕੇ ਹਨ ਅਤੇ ਇਹ ਸੰਸਥਾ ਉਚ ਆਚਾਰ ਤੇ ਪੇਸ਼ਾਵਰ ਮੁਹਾਰਤ ਨਾਲ ਨੌਜਾਵਾਨੀ ਦੇ ਚਮਕਦੇ ਭਵਿੱਖ ਨੂੰ ਨਿਖਾਰ ਰਹੀ ਹੈ।