- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਆਫ਼ ਐਮੀਨੈਂਸ ਅਮਲੋਹ ਦੇ ਦੋ ਵਿਦਿਆਰਥੀਆਂ ਨੇ ਆਈਆਈਟੀ ਪ੍ਰੀਖਿਆ ਕੀਤੀ ਪਾਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਵਿੱਦਿਅਕ ਪੱਖੋਂ ਇੱਕ ਵਾਰ ਫਿਰ ਪੂਰੇ ਇਲਾਕੇ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਹਰਵਿੰਦਰ ਸਿੰਘ ਭੱਟੋਂ ਨੇ ਦੱਸਿਆ ਕਿ ਡੀਈਓ ਰਵਿੰਦਰ ਕੌਰ ਤੇ ਪ੍ਰਿੰਸੀਪਲ ਰਵਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਸਕੂਲ ਦੇ ਨਾਨ-ਮੈਡੀਕਲ ਦੇ ਦੋ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਦੇ ਦਾਖ਼ਲਾ ਟੈਸਟ (ਆਈਆਈਟੀ) ਨੂੰ ਪਾਸ ਕਰਕੇ ਦੇਸ਼ ਦੀਆਂ ਨਾਮਵਰ ਇੰਜੀਨੀਅਰਿੰਗ ਸੰਸਥਾਵਾਂ ’ਚ ਦਾਖਲਾ ਲਿਆ ਹੈ। ਇਨ੍ਹਾਂ ਵਿਦਿਆਰਥੀਆਂ ਦੇ ਕਲਾਸ ਇੰਚਾਰਜ ਬੀਰਰਾਜਵਿੰਦਰ ਸਿੰਘ ਲੈਕਚਰਾਰ ਫਿਜ਼ਿਕਸ ਨੇ ਦੱਸਿਆ ਕਿ ਜਸਮੀਤ ਸਿੰਘ ਦਾ ਦਾਖਲਾ ਆਈਆਈਟੀ ਪਟਨਾ ’ਚ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਤੇ ਆਈਆਈਐਮ ਬੋਧ ਗਯਾ ਤੋਂ ਐਮਬੀਏ ਅਤੇ ਹਰਸ਼ ਮਾਧਵ ਨੂੰ ਆਈਆਈਟੀ ਰੁੜਕੀ ’ਚ ਇੰਡਸਟਰੀਅਲ ਪ੍ਰੋਡਕਸ਼ਨ ਇੰਜੀਨੀਅਰਿੰਗ ’ਚ ਦਾਖਲਾ ਮਿਲਿਆ ਹੈ, ਜੋ ਕਿ ਸੰਸਥਾ ਲਈ ਮਾਣ ਦੀ ਗੱਲ ਹੈ। ਇਹ ਸਕੂਲ ਅਤੇ ਜ਼ਿਲ੍ਹੇ ਦੀ ਬਹੁਤ ਵੱਡੀ ਪ੍ਰਾਪਤੀ ਹੈ। ਸਕੂਲ ਇੰਚਾਰਜ ਹਰਵਿੰਦਰ ਸਿੰਘ ਭੱਟੋਂ ਵੱਲੋਂ ਇਸ ਪ੍ਰਾਪਤੀ ਦਾ ਸਿਹਰਾ ਸਾਰੇ ਮਿਹਨਤੀ ਸਟਾਫ਼ ਨੂੰ ਦਿੰਦੇ ਹੋਏ ਕਿਹਾ ਕਿ ਸੰਸਥਾ ਆਪਣੇ ਮਿਹਨਤੀ ਸਟਾਫ਼ ਸਦਕਾ ਨਿਰੰਤਰ ਤਰੱਕੀ ਕਰ ਰਹੀ ਹੈ।