ਬਸੀ ਪਠਾਣਾਂ ’ਚ ਪ੍ਰਧਾਨਗੀ ਨੂੰ ਲੈ ਕੇ 3 ਕੌਂਸਲਰਾਂ ਦੀ ਦਾਅਵੇਦਾਰੀ ਹੋਈ ਮਜ਼ਬੂਤ
ਬਸੀ ਪਠਾਣਾਂ ’ਚ ਪ੍ਰਧਾਨਗੀ ਨੂੰ ਲੈ ਕੇ ਰਜਨੀ ਟੁਲਾਨੀ ਸਣੇ 3 ਕੌਂਸਲਰਾਂ ਦੀ ਦਾਅਵੇਦਾਰੀ ਮਜਬੂਤ ਹੋਈ
Publish Date: Thu, 18 Jun 2026 05:36 PM (IST)
Updated Date: Fri, 19 Jun 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਵੱਲੋਂ 102 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਉਪਰੰਤ ਪ੍ਰਧਾਨਾਂ ਦੇ ਅਹੁਦੇ ਨੂੰ ਰਾਖਵਾਂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਬਸੀ ਪਠਾਣਾਂ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਸ਼ਹਿਰ ਵਿਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਨੋਟੀਫਿਕੇਸ਼ਨ ਅਨੁਸਾਰ ਲਾਲੜੂ, ਪੱਟੀ, ਫਿਲੌਰ, ਲੋਹੀਆ ਖਾਸ, ਮਲੋਰਕੋਟਲਾ, ਰਾਏਕੋਟ, ਰਾਮਾਂ, ਪਾਇਲ, ਮਲੂਕਾ ਤੇ ਸਮਰਾਲਾ ਸਣੇ 11 ਨੂੰ ਵੱਖ ਵੱਖ ਕੈਟੇਗਿਰੀ ਅਨੁਸੂਜਿਤ ਜਾਤਿ, ਇਸਤਰੀਆਂ ਸਮੇਤ ਅਨੁਸੂਚਿਤ ਜਾਤੀਆਂ ਤੇ ਪੱਛੜੀ ਸ਼ੇਣੀਆਂ ਲਈ ਰਾਖਵਾਂ ਕੀਤਾ ਗਿਆ ਹੈ, ਜਦਕਿ ਬਾਕੀ ਰਹਿੰਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵਿਚ ਪ੍ਰਧਾਨਾਂ ਦੇ ਅਹੁਦੇ ਜਰਨਲ (ਓਪਨ) ਹੋਣਗੇ। ਇਸ ਆਦੇਸ਼ ਤੋਂ ਬਾਅਦ, ਨਗਰ ਕੌਂਸਲ ਬਸੀ ਪਠਾਣਾਂ ਵਿਚ 15 ਵਾਰਡਾਂ ਵਿੱਚੋਂ 11 ਵਿਚ ਕੌਂਸਲਰਾਂ ਦੀ ਜਿੱਤ ਨਾਲ ਬਹੁਤਮ ਹਾਸਲ ਕਰ ਚੁੱਕੀ ਆਮ ਆਦਮੀ ਪਾਰਟੀ ਦੇ ਜਰਨਲ ਕੌਂਸਲਰ ਦਾ ਪ੍ਰਧਾਨ ਬਨਣਾ ਤੈਅ ਹੈ। ਪ੍ਰਧਾਨਗੀ ਨੂੰ ਲੈ ਕੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਅਤਿ ਨਜ਼ਦੀਕੀ ਤੇ ਦੂਜੀ ਬਾਰ ਜਿੱਤੇ ਕੌਂਸਲਰ ਰਾਜ ਕੁਮਾਰ, 10 ਸਾਲ ਦਾ ਤਜ਼ੁਰਬਾ ਰੱਖਣ ਵਾਲੇ ਰਜਨੀ ਟੁਲਾਨੀ ਤੇ ਅਰਵਿੰਦਰ ਕੌਰ ਦੇ ਨਾਂਮ ਦੀ ਚਰਚਾ ਜ਼ੋਰਾਂ ’ਤੇ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ 11 ਕੌਂਸਲਰਾਂ ਵਿੱਚੋਂ 7 ਕੌਂਸਲਰ ਔਰਤਾਂ ਹਨ ਜਦਕਿ 4 ਕੌਂਸਲਰ ਪੁਰਸ਼ ਹਨ। ਇਹ ਅੰਕੜੇ ਵੱਡੀ ਲੀਡ ਨਾਲ ਲਗਾਤਾਰ ਤੀਜੀ ਵਾਰ ਚੁਣੇ ਗਏ ਵਾਰਡ 6 ਦੇ ਤਜ਼ਰਬੇਕਾਰ ਮਹਿਲਾ ਕੌਂਸਲਰ ਰਜਨੀ ਬਾਲਾ ਟੁਲਾਨੀ ਦੀ ਦਾਅਵੇਦਾਰੀ ਨੂੰ ਹੋਰ ਮਜ਼ਬੂਤ ਕਰਦੇ ਹਨ। ਗੱਲ ਕਰਨ ’ਤੇ ਰਾਜ ਕੁਮਾਰ ਪੁਰੀ ਨੇ ਕਿਹਾ ਕਿ ਉਹ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਲਈ ਪੂਰੀ ਤਰਾਂ ਤਿਆਰ ਹਨ। ਉਨ੍ਹਾਂ ਸ਼ਹਿਰ ਪ੍ਰਤੀ ਵਿਜ਼ਨ ਨੂੰ ਲੈ ਕੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪੁਰੀ ਨੇ ਕਿਹਾ ਕਿ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਹੀ ਉਹ ਕੁੱਝ ਕਹਣਿਗੇ। ਰਜਨੀ ਬਾਲਾ ਟੁਲਾਨੀ ਨੇ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪਦੀ ਹੈ, ਤਾਂ ਉਹ ਸ਼ਹਿਰ ਦਾ ਕਾਇਆ ਕਲਪ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਬਸੀ ਪਠਾਣਾਂ ਸ਼ਹਿਰ ਤੇ ਲੋਕਾਂ ਲਈ ਬਹੁਤ ਕੁੱਝ ਹੋਣ ਵਾਲਾ ਹੈ, ਜਿਸ ਵਿਚ ਸਫਾਈ, ਸਟਰੀਟ ਲਾਈਟ ਦੇ ਇਲਾਵਾ ਹੋਰ ਬਹੁਤ ਸਾਰੇ ਕੰਮ ਸ਼ਾਮਲ ਹਨ। ਇਸ ਸੰਬੰਧੀ ਦੂਜੀ ਬਾਰ ਜਿੱਤੇ ਕੌਂਸਲਰ ਅਰਵਿੰਦਰ ਕੌਰ ਨਾਲ ਫ਼ੋਨ ’ਤੇ ਸੰਪਰਕ ਨਹੀਂ ਹੋ ਸਕਿਆ। ਫ਼ੋਟੋ ਕੈਪਸ਼ਨ : ਰਜਨੀ ਬਾਲਾ ਟੁਲਾਨੀ। ਕੌਂਸਲਰ ਰਾਜ ਪੁਰੀ। ਕੌਂਸਲਰ ਅਰਵਿੰਦਰ ਕੌਰ।