- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਬੀਰ ਸਿੰਘ ਬਾਦਲ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਬਿਨਾਂ ਕਿਸੇ ਖ਼ਰੀਦੋ-ਫ਼ਰੋਖ਼ਤ ਦੇ ਮੁਫ਼ਤ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਨੌਜਵਾਨ ਲੜਕੇ-ਲੜਕੀਆਂ ਨੂੰ ਸਵੈ-ਰੋਜ਼ਗਾਰ, ਦੁਕਾਨ, ਪਾਰਲਰ ਜਾਂ ਵਰਕਸ਼ਾਪ ਖੋਲ੍ਹਣ ਲਈ 10 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ, ਜਿਸ ਦੀ ਗਾਰੰਟੀ ਤੇ ਵਿਆਜ ਸਰਕਾਰ ਭਰੇਗੀ।

ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਐਲਾਨ ਕੀਤਾ ਹੈ ਕਿ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਵਧਾ ਕੇ 1 ਲੱਖ ਰੁਪਏ, ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ 3100 ਰੁਪਏ ਤੇ ਕੱਟੇ ਗਏ ਨੀਲੇ ਕਾਰਡ ਪਹਿਲੀ ਕੈਬਨਿਟ ਮੀਟਿੰਗ ’ਚ ਬਹਾਲ ਕਰ ਕੇ 4 ਰੁਪਏ ਕਿੱਲੋ ਦੇ ਹਿਸਾਬ ਨਾਲ 50 ਕਿੱਲੋ ਕਣਕ ਤੇ 20 ਰੁਪਏ ਕਿੱਲੋ ਦਾਲਾਂ ਦਿੱਤੀਆਂ ਜਾਣਗੀਆਂ। ਉਹ ਫਤਹਿਗੜ੍ਹ ਸਾਹਿਬ ਵਿਖੇ ਪਾਰਟੀ ਦੀ ‘ਪੰਜਾਬ ਬਚਾਓ ਰੈਲੀ’ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੂੰ ਹਲਕਾ ਫਤਹਿਗੜ੍ਹ ਸਾਹਿਬ ਤੋਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਐਲਾਨਦਿਆਂ ਵਰਕਰਾਂ ਨੂੰ ਉਨ੍ਹਾਂ ਦੀ ਡਟਵੀਂ ਹਮਾਇਤ ਕਰਨ ਦਾ ਸੱਦਾ ਦਿੱਤਾ।
ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਧਿਰਾਂ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਅਸਲ ਮਕਸਦ ਪੰਥ ਨੂੰ ਜਿਤਾਉਣਾ ਨਹੀਂ, ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਲੋਕ ਮੰਡੀ ਬੋਰਡ ਦੇ ਦਫ਼ਤਰਾਂ ’ਚ ਰੋਜ਼ਾਨਾ ਗੁਪਤ ਮੀਟਿੰਗਾਂ ਕਰਦੇ ਹਨ ਅਤੇ ਇਨ੍ਹਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਤੇ ਫੰਡ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਕਾਰਵਾਈਆਂ ਕਰਨ ਵਾਲੇ ਕੌਮ ਦੇ ਅਸਲ ਵਾਰਿਸ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਿਰਾਦਰ ਮੌਕੇ ਕੌਮ ਦੇ ਅਖੌਤੀ ਆਗੂ ਮੰਡ ਤੇ ਦਾਦੂਵਾਲ ਵਰਗੇ ਚੁੱਪ ਬੈਠੇ ਰਹੇ ਅਤੇ ਕਿਸੇ ਨੇ ਧਰਨਾ ਨਹੀਂ ਦਿੱਤਾ, ਜਦਕਿ ਸਿਰਫ਼ ਅਕਾਲੀ ਦਲ ਨੇ ਹੀ ਸੜਕਾਂ ’ਤੇ ਉੱਤਰ ਕੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬੀ ਸੂਬਾ ਬਣਨ ਮਗਰੋਂ 25 ਸਾਲ ਕਾਂਗਰਸ ਨੇ ਰਾਜ ਕੀਤਾ, ਪਰ ਸੂਬੇ ’ਚ ਕੋਈ ਵੱਡਾ ਪ੍ਰਾਜੈਕਟ ਨਹੀਂ ਲਿਆਂਦਾ। ਕੈਪਟਨ ਅਮਰਿੰਦਰ ਸਿੰਘ 5 ਸਾਲ ਘਰੋਂ ਬਾਹਰ ਨਹੀਂ ਨਿਕਲੇ ਅਤੇ ਹੁਣ ਭਗਵੰਤ ਮਾਨ ਦੀ ਅਗਵਾਈ ਹੇਠ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦੇ ਜ਼ੀਰਾ ਹਲਕੇ ’ਚ 50 ਅਪਰਾਧਿਕ ਮਾਮਲਿਆਂ ਵਾਲੇ ਗੁਰਪ੍ਰੀਤ ਸੇਖੋਂ ਨੂੰ ਆਪ ਸਰਕਾਰ ਨੇ ਹਲਕਾ ਇੰਚਾਰਜ ਥਾਪ ਕੇ ਗੈਂਗਸਟਰਾਂ ਨੂੰ ਸ਼ਹਿ ਦਿੱਤੀ ਹੈ ਅਤੇ ਸੂਬੇ ’ਚ ਨਸ਼ਾ ਤਸਕਰਾਂ ਤੋਂ ਮਹੀਨਾ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਬੇਅਦਬੀ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਲੇਰਕੋਟਲਾ ਵਿਖੇ ਬੇਅਦਬੀ ਕਰਨ ਵਾਲਾ ਦਿੱਲੀ ਦਾ ਆਪ ਵਿਧਾਇਕ ਸੀ, ਜਿਸ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਤਖ਼ਤ ਸ਼੍ਰੀ ਹਜ਼ੂਰ ਸਾਹਿਬ, ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸੁਖਬੀਰ ਸਿੰਘ ਬਾਦਲ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਬਿਨਾਂ ਕਿਸੇ ਖ਼ਰੀਦੋ-ਫ਼ਰੋਖ਼ਤ ਦੇ ਮੁਫ਼ਤ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਨੌਜਵਾਨ ਲੜਕੇ-ਲੜਕੀਆਂ ਨੂੰ ਸਵੈ-ਰੋਜ਼ਗਾਰ, ਦੁਕਾਨ, ਪਾਰਲਰ ਜਾਂ ਵਰਕਸ਼ਾਪ ਖੋਲ੍ਹਣ ਲਈ 10 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ, ਜਿਸ ਦੀ ਗਾਰੰਟੀ ਤੇ ਵਿਆਜ ਸਰਕਾਰ ਭਰੇਗੀ। ਇਸ ਕਰਜ਼ੇ ਦੀ ਵਾਪਸੀ ਪਹਿਲੇ 3 ਸਾਲਾਂ ਬਾਅਦ ਅਗਲੇ 7 ਸਾਲਾਂ ’ਚ ਕਰਨੀ ਹੋਵੇਗੀ। ਇਸ ਤੋਂ ਇਲਾਵਾ ਹਰ ਜ਼ਿਲ੍ਹਾ ਹੈੱਡਕੁਆਰਟਰ ’ਤੇ ਇਕ ਮੈਡੀਕਲ ਕਾਲਜ ਅਤੇ ਇੱਕ ਵੈਟਰਨਰੀ ਯੂਨੀਵਰਸਿਟੀ ਬਣਾਈ ਜਾਵੇਗੀ ਜਿਸ ਦੀ ਸ਼ੁਰੂਆਤ ਫਤਹਿਗੜ੍ਹ ਸਾਹਿਬ ਤੋਂ ਹੋਵੇਗੀ। ਡੇਅਰੀ ਦੇ ਧੰਦੇ ਨੂੰ ਹੱਲਾਸ਼ੇਰੀ ਦੇਣ ਲਈ ਗਾਵਾਂ, ਮੱਝਾਂ ਅਤੇ ਬੱਕਰੀਆਂ ਦੀ ਖ਼ਰੀਦ ’ਤੇ 75 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਕਬੱਡੀ ਤੇ ਪਸ਼ੂ ਮੇਲੇ ਮੁੜ ਸ਼ੁਰੂ ਕੀਤੇ ਜਾਣਗੇ ਅਤੇ ਫਤਹਿਗੜ੍ਹ ਸਾਹਿਬ ਸਮੇਤ ਸਾਰੇ ਇਤਿਹਾਸਕ ਧਾਰਮਿਕ ਸ਼ਹਿਰਾਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰਜ਼ ’ਤੇ ਸੁੰਦਰੀਕਰਨ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਸਮਾਗਮ ਦੇ ਸਫਲ ਪ੍ਰਬੰਧਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੂੰ ਵਧਾਈ ਦਿੱਤੀ।
ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ ਸਰਬਜੀਤ ਸਿੰਘ ਝਿੰਜਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ਼ਰਨਜੀਤ ਸਿੰਘ ਚਨਾਰਥਲ, ਅਮਰਦੀਪ ਸਿੰਘ ਧਾਰਨੀ, ਜਥੇਦਾਰ ਅਵਤਾਰ ਸਿੰਘ ਜਥੇਦਾਰ ਅਵਤਾਰ ਸਿੰਘ ਰੀਆ ਮਨਮੋਹਨ ਸਿੰਘ ਮਕਾਰੋਪੁਰ ਆਦਿ ਮੌਜੂਦ ਸਨ।