- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਤਵਾਰ ਦੇਰ ਰਾਤ ਅਣਪਛਾਤੇ ਵਾਹਨ ਦੀ ਟੱਕਰ ਨਾਲ ਦੋ ਸਕੇ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਭਰਾ ਪੁਲ਼ ਤੋਂ ਤਕਰੀਬਨ 40 ਫੁੱਟ ਹੇਠਾਂ ਜਾ ਡਿੱਗੇ। ਮ੍ਰਿਤਕਾਂ ਦੀ ਪਛਾਣ ਜਗਦੇਵ ਸਿੰਘ (40) ਅਤੇ ਹਰਜੀਤ ਸਿੰਘ (33) ਪੁੱਤਰ ਅਵਤਾਰ ਸਿੰਘ ਪਿੰਡ ਰਾਮਪੁਰ, ਥਾਣਾ ਪਾਇਲ ਵਜੋਂ ਹੋਈ ਹੈ।

ਜਾਗਰਣ ਟੀਮ, ਮੰਡੀ ਗੋਬਿੰਦਗੜ੍ਹ : ਐਤਵਾਰ ਦੇਰ ਰਾਤ ਅਣਪਛਾਤੇ ਵਾਹਨ ਦੀ ਟੱਕਰ ਨਾਲ ਦੋ ਸਕੇ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਭਰਾ ਪੁਲ਼ ਤੋਂ ਤਕਰੀਬਨ 40 ਫੁੱਟ ਹੇਠਾਂ ਜਾ ਡਿੱਗੇ। ਮ੍ਰਿਤਕਾਂ ਦੀ ਪਛਾਣ ਜਗਦੇਵ ਸਿੰਘ (40) ਅਤੇ ਹਰਜੀਤ ਸਿੰਘ (33) ਪੁੱਤਰ ਅਵਤਾਰ ਸਿੰਘ ਪਿੰਡ ਰਾਮਪੁਰ, ਥਾਣਾ ਪਾਇਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਜਗਦੇਵ ਸਿੰਘ ਮੰਗਲਵਾਰ ਰਾਤ ਕਰੀਬ ਸਾਢੇ 11 ਵਜੇ ਆਪਣੇ ਛੋਟੇ ਹਾਥੀ ’ਤੇ ਪਾਣੀ ਵਾਲੀ ਟੈਂਕੀ ਲੱਦ ਕੇ ਸਰਹਿੰਦ ਵੱਲੋਂ ਆ ਰਿਹਾ ਸੀ। ਮੰਡੀ ਗੋਬਿੰਦਗੜ੍ਹ ਵਿੱਚ ਚੰਨਣ ਰਾਮ ਪੈਟਰੋਲ ਪੰਪ ਦੇ ਕੋਲ ਫਲਾਈਓਵਰ ’ਤੇ ਟੈਂਪੂ ਅਚਾਨਕ ਖ਼ਰਾਬ ਹੋ ਗਿਆ। ਜਗਦੇਵ ਸਿੰਘ ਨੇ ਆਪਣੇ ਛੋਟੇ ਭਰਾ ਹਰਜੀਤ ਸਿੰਘ ਨੂੰ ਫ਼ੋਨ ਕਰ ਕੇ ਪਿੰਡ ਰਾਮਪੁਰ ਤੋਂ ਬੈਟਰੀ ਲਿਆਉਣ ਲਈ ਕਿਹਾ। ਹਰਜੀਤ ਸਿੰਘ ਕੁਝ ਹੀ ਦੇਰ ਵਿੱਚ ਕਾਰ ਰਾਹੀਂ ਬੈਟਰੀ ਲੈ ਕੇ ਮੌਕੇ ’ਤੇ ਪਹੁੰਚ ਗਿਆ।
ਦੋਵੇਂ ਭਰਾ ਫਲਾਈਓਵਰ ’ਤੇ ਟੈਂਪੂ ਦੀ ਬੈਟਰੀ ਬਦਲ ਰਹੇ ਸਨ ਕਿ ਸਰਹਿੰਦ ਵੱਲੋਂ ਆਏ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਐਨੀ ਭਿਆਨਕ ਸੀ ਕਿ ਦੋਵੇਂ ਭਰਾ ਫਲਾਈਓਵਰ ਦੀ ਰੇਲਿੰਗ ਤੋੜਦੇ ਹੋਏ ਪੁਲ਼ ਤੋਂ ਹੇਠਾਂ ਜਾ ਡਿੱਗੇ ਅਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਅਨੁਸਾਰ ਹਰਜੀਤ ਸਿੰਘ ਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਸ ਨੇ 26 ਜੂਨ ਨੂੰ ਕੈਨੇਡਾ ਜਾਣਾ ਸੀ। ਵੱਡੇ ਭਰਾ ਦੀ ਗੱਡੀ ਖ਼ਰਾਬ ਹੋਣ ’ਤੇ ਉਹ ਮਦਦ ਲਈ ਪਹੁੰਚਿਆ ਸੀ, ਪਰ ਦੋਵਾਂ ਦੀ ਇਕੱਠਿਆਂ ਮੌਤ ਹੋ ਗਈ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਅਣਪਛਾਤੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ।