ਬਿਜਲੀ ਸੰਕਟ ਨੂੰ ਲੈ ਕੇ ਰਾਜੂ ਖੰਨਾ ਵੱਲੋਂ ‘ਆਪ’ ਸਰਕਾਰ ਦੀ ਨਿਖੇਧੀ
ਬਿਜਲੀ ਸੰਕਟ ਨੂੰ ਲੈ ਕੇ ਰਾਜੂ ਖੰਨਾ ਵੱਲੋਂ ‘ਆਪ’ ਸਰਕਾਰ ਦੀ ਨਿਖੇਧੀ
Publish Date: Sun, 21 Jun 2026 04:58 PM (IST)
Updated Date: Sun, 21 Jun 2026 05:00 PM (IST)

ਫ਼ੋਟੋ ਫ਼ਾਈਲ : 3 -ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਜਲੀ ਸਪਲਾਈ ਦੇ ਮਾਮਲੇ ’ਚ ਲੋਕਾਂ ਨਾਲ ਝੂਠੇ ਤੇ ਖੋਖਲੇ ਵਾਅਦੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਲੋਹ ਦੇ ਲੋਕ ਲੰਬੇ ਬਿਜਲੀ ਕੱਟਾਂ ਦੀ ਮਾਰ ਝੱਲ ਰਹੇ ਹਨ ਅਤੇ ਰੋਜ਼ਾਨਾ ਸਿਰਫ਼ 2 ਤੋਂ 3 ਘੰਟੇ ਹੀ ਬਿਜਲੀ ਮਿਲ ਰਹੀ ਹੈ। ਮੁੱਖ ਮੰਤਰੀ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਦਾਅਵਾ ਕਰਦੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਿਸਾਨਾਂ ਨੂੰ ਮਸਾਂ 2 ਘੰਟੇ ਅਤੇ ਘਰਾਂ ਨੂੰ ਮਹਿਜ਼ 1 ਤੋਂ 2 ਘੰਟੇ ਹੀ ਬਿਜਲੀ ਨਸੀਬ ਹੋ ਰਹੀ ਹੈ। ਸਰਕਾਰ ਦੀਆਂ ਨਾਕਾਮੀਆਂ ਤੋਂ ਅੱਕੇ ਲੋਕਾਂ ਨੇ ਹੁਣ ਬਿਜਲੀ ਦਫ਼ਤਰਾਂ ਅਤੇ ਗਰਿੱਡਾਂ ਅੱਗੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲੋਕ ਸਾਰਾ ਦਿਨ ਮਿਹਨਤ ਕਰਨ ਮਗਰੋਂ ਜਦੋਂ ਘਰ ਪਰਤਦੇ ਹਨ ਤਾਂ ਉਨ੍ਹਾਂ ਨੂੰ ਬਿਜਲੀ ਕੱਟਾਂ ਕਾਰਨ ਹਨੇਰੇ ’ਚ ਰਾਤਾਂ ਕੱਟਣੀਆਂ ਪੈਂਦੀਆਂ ਹਨ। ਝੋਨੇ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਹੋਣ ਦੇ ਬਾਵਜੂਦ ਬਿਜਲੀ ਦੀ ਘਾਟ ਕਾਰਨ ਕਿਸਾਨਾਂ ਨੂੰ ਖੇਤਾਂ ਨੂੰ ਪਾਣੀ ਲਾਉਣ ਲਈ ਜਨਰੇਟਰ ਚਲਾਉਣ ’ਤੇ ਵਾਧੂ ਪੈਸਾ ਖ਼ਰਚ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਸਰਕਾਰ ਨੇ ਬਿਜਲੀ ਸੰਕਟ ਹੱਲ ਨਾ ਕੀਤਾ, ਤਾਂ ਸ਼੍ਰੋਮਣੀ ਅਕਾਲੀ ਦਲ ਲੋਕਾਂ ਅਤੇ ਕਿਸਾਨਾਂ ਨਾਲ ਮਿਲ ਕੇ ਪ੍ਰਸ਼ਾਸਨ ਖ਼ਿਲਾਫ਼ ਵੱਡਾ ਸੰਘਰਸ਼ ਵਿੱਢੇਗਾ। ਅਕਾਲੀ ਆਗੂ ਨੇ ਯਾਦ ਕਰਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਨੂੰ ਬਿਜਲੀ ਪੱਖੋਂ ਸਰਪਲੱਸ ਬਣਾਇਆ ਗਿਆ ਸੀ, ਪਰ ‘ਆਪ’ ਦੇ ਸੱਤਾ ’ਚ ਆਉਣ ਤੋਂ ਬਾਅਦ ਸੂਬੇ ਦਾ ਬਿਜਲੀ ਢਾਂਚਾ ਤਬਾਹ ਕਰ ਦਿੱਤਾ ਗਿਆ ਹੈ। ਵਧਦੀ ਮੰਗ ਪੂਰੀ ਕਰਨ ਲਈ ਨਵੇਂ ਥਰਮਲ ਪਲਾਂਟ ਲਾਉਣ ਦੀ ਥਾਂ ਪੁਰਾਣੇ ਪਲਾਂਟ ਬੰਦ ਕਰਕੇ ਲੋਕਾਂ ਨੂੰ ਹਨੇਰੇ ’ਚ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਲੋਹ ਸਮੇਤ ਸਮੁੱਚੇ ਪੰਜਾਬ ਦੇ ਲੋਕ ਹੁਣ ਚੋਣ ਵਾਅਦਿਆਂ ਅਤੇ ਜ਼ਮੀਨੀ ਹਕੀਕਤ ਦਾ ਫ਼ਰਕ ਦੇਖ ਰਹੇ ਹਨ ਅਤੇ ਅਕਾਲੀ ਦਲ ਇਸ ਮੁੱਦੇ ਨੂੰ ਹਰ ਮੰਚ ’ਤੇ ਚੁੱਕਦਾ ਰਹੇਗਾ। ਇਸ ਗੱਲਬਾਤ ਸਮੇਂ ਉਨ੍ਹਾਂ ਨਾਲ ਜਥੇਦਾਰ ਕੁਲਦੀਪ ਸਿੰਘ ਮਛਰਾਈ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਹਰਬੰਸ ਸਿੰਘ ਬਡਾਲੀ, ਭਿੰਦਰ ਸਿੰਘ ਮੰਡੀ, ਕੰਵਲਜੀਤ ਸਿੰਘ ਗਿੱਲ, ਹਰਿੰਦਰ ਸਿੰਘ ਦੀਵਾ, ਜਰਨੈਲ ਸਿੰਘ ਮਾਜਰੀ, ਇੰਦਰਜੀਤ ਸਿੰਘ ਚਤੁਰਪੁਰਾ, ਗੁਰਦੀਪ ਸਿੰਘ ਬੱਬੀ, ਰਾਕੇਸ਼ ਕੁਮਾਰ ਸ਼ਾਹੀ, ਰੇਸ਼ਮ ਸਿੰਘ ਵਿਰਕ, ਡਾ. ਜਸਵੰਤ ਸਿੰਘ ਅਲਾਦਾਦਪੁਰ, ਪਾਲ ਸਿੰਘ ਖੁੰਮਣਾ, ਸ਼ਿੰਦਰਪਾਲ ਸਿੰਘ ਜਮਲਾ ਅਤੇ ਮੋਹਣ ਸਿੰਘ ਧਰਮਗੜ੍ਹ ਵੀ ਮੌਜੂਦ ਸਨ।