- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਜੀਵਨ ਸਿੰਘ ਦੇ 365ਵੇਂ ਜਨਮ ਦਿਨ ਨੂੰ ਸਮਰਪਿਤ 27ਵੇਂ ਚੇਤਨਾ ਮਾਰਚ ਦੀਆਂ ਤਿਆਰੀਆਂ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟਰੱਸਟ (ਰਜਿਸਟਰਡ) ਚੰਡੀਗੜ੍ਹ ਦੀ ਮੀਟਿੰਗ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁੱਖ ਸਿੰਘ ਹਾਲ ਵਿਖੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਚੁੰਨੀ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਟਰੱਸਟ ਦੀ ਚੇਅਰਪਰਸਨ ਸੁਖਪਾਲ ਕੌਰ ਅਤੇ ਜਨਰਲ ਸਕੱਤਰ ਬੇਅੰਤ ਸਿੰਘ ਭਾਂਬਰੀ ਪਹੁੰਚੇ। ਮੀਟਿੰਗ ’ਚ 27ਵੇਂ ਚੇਤਨਾ ਮਾਰਚ ਦੀ ਤਿਆਰੀ, ਯੂਥ ਅਤੇ ਮਹਿਲਾ ਵਿੰਗ ਦੀ ਨਵੀਂ ਭਰਤੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ, ਟਰੱਸਟ ਦੇ ਵਿਕਾਸ ਕਾਰਜਾਂ ਤੇ ਸਾਹਿਤ ਦੀ ਛਪਾਈ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਨ ਨੂੰ ਸਮਰਪਿਤ 27ਵਾਂ ਚੇਤਨਾ ਮਾਰਚ ਐੱਸਜੀਪੀਸੀ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਤੰਬਰ 2026 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਆਰੰਭ ਹੋ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪਹੁੰਚੇਗਾ। ਮੋਹਨ ਸਿੰਘ ਚੁੰਨੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਬਾਡੀ ਦਾ ਵਿਸਥਾਰ ਕਰਦਿਆਂ ਸਰਪੰਚ ਭੁਪਿੰਦਰ ਸਿੰਘ ਨਾਨੋਵਾਲ ਨੂੰ ਬਲਾਕ ਬਸੀ ਪਠਾਣਾਂ ਦਾ ਪ੍ਰਧਾਨ, ਨਿਰਮਲਜੀਤ ਕੌਰ ਨੂੰ ਇਸਤਰੀ ਵਿੰਗ ਬਲਾਕ ਅਮਲੋਹ ਦੀ ਪ੍ਰਧਾਨ, ਮਨਜੀਤ ਕੌਰ ਨੂੰ ਬਲਾਕ ਅਮਲੋਹ ਦੀ ਮੀਤ ਪ੍ਰਧਾਨ ਤੇ ਸੁਖਦਿਆਲ ਸਿੰਘ ਨੂੰ ਬਲਾਕ ਸਰਹਿੰਦ ਦਾ ਯੂਥ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਚੁਣੇ ਅਹੁਦੇਦਾਰਾਂ ਨੂੰ ਮੋਹਨ ਸਿੰਘ ਚੁੰਨੀ, ਸੁਖਪਾਲ ਕੌਰ, ਵਾਈਸ ਚੇਅਰਮੈਨ ਰਘਬੀਰ ਸਿੰਘ ਬਡਲਾ ਤੇ ਜਨਰਲ ਸਕੱਤਰ ਬੇਅੰਤ ਸਿੰਘ ਭਾਂਬਰੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਨੇਕ ਸਿੰਘ ਨਡਿਆਲੀ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਇਹ ਟਰੱਸਟ ਗ਼ੈਰ-ਰਾਜਨੀਤਕ ਹੈ ਤੇ 1978 ਤੋਂ ਦੇਸ਼ ਦੇ 24 ਸੂਬਿਆਂ ’ਚ ਸੇਵਾਵਾਂ ਨਿਭਾਅ ਰਿਹਾ ਹੈ। ਲੰਮੇ ਸਮੇਂ ਤੋਂ ਟਰੱਸਟ ਦੀ ਸੇਵਾ ਕਰ ਰਹੇ ਮੋਹਨ ਸਿੰਘ ਚੁੰਨੀ ਦਾ ਵੀ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ। ਮੀਟਿੰਗ ’ਚ ਰਘਬੀਰ ਸਿੰਘ ਬਡਲਾ, ਰਣਜੀਤ ਸਿੰਘ ਝਾਮਪੁਰ, ਰਾਮ ਸਿੰਘ ਭਗੜਾਣਾ, ਹਰਮੇਸ਼ ਸਿੰਘ, ਭਗਵਾਨ ਸਿੰਘ, ਹਰਭਜਨ ਸਿੰਘ, ਰਣਜੋਧ ਸਿੰਘ, ਜਸਵਿੰਦਰ ਸਿੰਘ ਮੀਆਂਪੁਰ, ਸਤਿਗੁਰ ਸਿੰਘ, ਬਲਜਿੰਦਰ ਸਿੰਘ, ਕੇਵਲ ਸਿੰਘ, ਲਛਮਣ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ ਅਤੇ ਸਤਿਨਾਮ ਸਿੰਘ ਆਦਿ ਮੌਜੂਦ ਸਨ।