- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ 20 ਦਿਨਾਂ ਦੌਰਾਨ ਕਰੀਬ ਨੌਂ ਨੌਜਵਾਨਾਂ ਦੀਆਂ ਸ਼ੱਕੀ ਹਾਲਾਤ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਲੋਕਾਂ ਦਾ ਪੁਲਿਸ 'ਤੇ ਭਰੋਸਾ ਡੋਲਣ ਲੱਗਾ ਹੈ। ਨਤੀਜੇ ਵਜੋਂ ਕੁਝ ਇਲਾਕਿਆਂ ਵਿੱਚ ਲੋਕਾਂ ਨੇ ਖ਼ੁਦ ਨਾਕੇ ਲਗਾ ਕੇ ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕੁਝ ਵਿਅਕਤੀਆਂ ਦੀ ਕੁੱਟਮਾਰ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਹਿਤੇਸ਼ ਸ਼ਰਮਾ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ: ਮੰਡੀ ਗੋਬਿੰਦਗੜ੍ਹ ਵਿੱਚ ਨਸ਼ੇ ਕਾਰਨ ਹੋ ਰਹੀਆਂ ਸ਼ੱਕੀ ਮੌਤਾਂ ਨੇ ਲੋਕਾਂ ਦਾ ਸਬਰ ਤੋੜ ਦਿੱਤਾ ਹੈ। ਪਿਛਲੇ 20 ਦਿਨਾਂ ਦੌਰਾਨ ਕਰੀਬ ਨੌਂ ਨੌਜਵਾਨਾਂ ਦੀਆਂ ਸ਼ੱਕੀ ਹਾਲਾਤ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਲੋਕਾਂ ਦਾ ਪੁਲਿਸ 'ਤੇ ਭਰੋਸਾ ਡੋਲਣ ਲੱਗਾ ਹੈ। ਨਤੀਜੇ ਵਜੋਂ ਕੁਝ ਇਲਾਕਿਆਂ ਵਿੱਚ ਲੋਕਾਂ ਨੇ ਖ਼ੁਦ ਨਾਕੇ ਲਗਾ ਕੇ ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕੁਝ ਵਿਅਕਤੀਆਂ ਦੀ ਕੁੱਟਮਾਰ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਵਧਦੇ ਰੋਸ ਦੇ ਮੱਦੇਨਜ਼ਰ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਇੱਕ ਹਫ਼ਤੇ ਵਿੱਚ ਦੂਜੀ ਵਾਰ ਸ਼ਹਿਰ ਦਾ ਦੌਰਾ ਕਰਕੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਮੰਡੀ ਗੋਬਿੰਦਗੜ੍ਹ ਲਈ ਵਿਸ਼ੇਸ਼ ਐਂਟੀ ਨਾਰਕੋਟਿਕਸ ਫਲਾਇੰਗ ਸਕੁਐਡ ਟਾਸਕ ਫੋਰਸ ਵੀ ਬਣਾਈ ਹੈ, ਜਿਸ ਨੂੰ ਨਸ਼ਾ ਤਸਕਰੀ ਦੇ ਨੈੱਟਵਰਕ 'ਤੇ ਸ਼ਿਕੰਜਾ ਕੱਸਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਲੋਕਾਂ ਦਾ ਕਹਿਣਾ ਹੈ ਕਿ ਜੇ ਆਮ ਲੋਕਾਂ ਨੂੰ ਨਸ਼ਾ ਵਿਕਣ ਵਾਲੀਆਂ ਥਾਵਾਂ ਦਾ ਪਤਾ ਹੈ ਤਾਂ ਪੁਲਿਸ ਅਣਜਾਣ ਕਿਵੇਂ ਰਹਿ ਸਕਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸੋਸ਼ਲ ਮੀਡੀਆ 'ਤੇ ਨਸ਼ਾ ਵਿਕਣ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਤਾਂ ਪੁਲਿਸ ਦੇ ਸਰਚ ਆਪ੍ਰੇਸ਼ਨਾਂ ਦੌਰਾਨ ਇਹ ਨਸ਼ਾ ਬਰਾਮਦ ਕਿਉਂ ਨਹੀਂ ਹੁੰਦਾ।
ਮਾਸਟਰ ਕਾਲੋਨੀ ਦੀ ਢਾਹਾ ਬਸਤੀ ਨੂੰ ਨਸ਼ਾ ਤਸਕਰੀ ਦਾ ਮੁੱਖ ਕੇਂਦਰ ਮੰਨਿਆ ਜਾ ਰਿਹਾ ਹੈ। ਇੱਥੇ ਪਹਿਲਾਂ ਵੀ ਨਸ਼ਾ ਤਸਕਰਾਂ ਦੀ ਜਾਇਦਾਦ ਢਾਹੁਣ, ਸੀਸੀਟੀਵੀ ਲਗਾਉਣ ਅਤੇ ਕਈ ਕਾਸੋ ਆਪ੍ਰੇਸ਼ਨ ਚਲਾਉਣ ਦੇ ਬਾਵਜੂਦ ਤਸਕਰੀ ਨਹੀਂ ਰੁਕੀ।
ਵਿਕਾਸ ਨਗਰ ਦੇ ਵਸਨੀਕ ਹਰਸ਼ ਚੀਮਾ ਨੇ ਕਿਹਾ ਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜੇ, ਸਗੋਂ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਇਲਾਕੇ ਨੂੰ ਨਸ਼ਾ-ਮੁਕਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਧਰ, ਡੀਐੱਸਪੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੰਗਲਵਾਰ ਨੂੰ ਐਂਟੀ ਨਾਰਕੋਟਿਕਸ ਫਲਾਇੰਗ ਸਕੁਐਡ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਲੋਕਾਂ ਨੂੰ ਨਸ਼ਾ ਵਿਕਣ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ।