- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੰਗਲਵਾਰ ਨੂੰ ਨਿੱਜੀ ਦੌਰੇ ਤਹਿਤ ਫਤਹਿਗੜ੍ਹ ਸਾਹਿਬ ਪਹੁੰਚੇ। ਇਸ ਮੌਕੇ ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਸੂਬਾ ਸਰਕਾਰ ਫਤਹਿਗੜ੍ਹ ਸਾਹਿਬ ਨੂੰ ਕੌਮਾਂਤਰੀ ਸੈਰ-ਸਪਾਟਾ ਨਕਸ਼ੇ ’ਤੇ ਸਥਾਪਤ ਕਰਨ ਸਬੰਧੀ ਫਾਈਲ ਉਨ੍ਹਾਂ ਕੋਲ ਭੇਜਦੀ ਹੈ ਤਾਂ ਉਹ ਬਿਨਾਂ ਕਿਸੇ ਦੇਰੀ ਦੇ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਲੋੜੀਂਦੇ ਕੰਮ ਨੇਪਰੇ ਚਾੜ੍ਹਨਗੇ।

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ । ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਸਿਰਫ਼ ਪੰਜਾਬ ਲਈ ਹੀ ਨਹੀਂ, ਸਗੋਂ ਸਮੁੱਚੀ ਦੁਨੀਆ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਧਰਤੀ ਨਾਲ ਜੁੜਿਆ ਇਤਿਹਾਸ ਅਤੇ ਇੱਥੋਂ ਮਿਲਣ ਵਾਲੀ ਅਧਿਆਤਮਿਕ ਪ੍ਰੇਰਨਾ ਬੱਚਿਆਂ ਅਤੇ ਨੌਜਵਾਨਾਂ ਵਿੱਚ ਅਜਿਹਾ ਹੌਸਲਾ, ਦ੍ਰਿੜ੍ਹਤਾ ਅਤੇ ਕੁਰਬਾਨੀ ਦੀ ਭਾਵਨਾ ਪੈਦਾ ਕਰਦੀ ਹੈ, ਜੋ ਸਮਾਜ ਲਈ ਮਾਰਗਦਰਸ਼ਕ ਹੈ। ਇਹ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਮਾਤਾ ਚਕਰੇਸ਼ਵਰੀ ਮੰਦਿਰ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ।
ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਫਤਹਿਗੜ੍ਹ ਸਾਹਿਬ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਉਹ ਪਵਿੱਤਰ ਧਰਤੀ ਹੈ, ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਲਾਸਾਨੀ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਹੌਸਲੇ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਨਾਲ ਉਨ੍ਹਾਂ ਨੂੰ ਹਮੇਸ਼ਾ ਕੰਮ ਕਰਨ ਲਈ ਨਵੀਂ ਹਿੰਮਤ, ਹੌਸਲਾ ਅਤੇ ਊਰਜਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਸਥਾਨ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਵਿਸ਼ੇਸ਼ ਆਸਥਾ ਹੈ ਅਤੇ ਇੱਥੋਂ ਮਿਲਣ ਵਾਲੀ ਪ੍ਰੇਰਨਾ ਉਨ੍ਹਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਉਤਸ਼ਾਹਿਤ ਕਰਦੀ ਹੈ।
ਰਾਜਪਾਲ ਨੇ ਕਿਹਾ ਕਿ ਉਹ ਅੱਜ ਮੁੜ ਇਸ ਪਵਿੱਤਰ ਸਥਾਨ 'ਤੇ ਦਰਸ਼ਨ ਕਰਨ ਅਤੇ ਆਸ਼ੀਰਵਾਦ ਲੈਣ ਲਈ ਪਹੁੰਚੇ ਹਨ, ਤਾਂ ਜੋ ਉਹ ਜਨਤਾ ਦੇ ਕੰਮ ਹੋਰ ਵੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਜਨਤਾ ਦਾ ਸੇਵਕ ਸਮਝਦੇ ਹਨ ਅਤੇ ਲੋਕਾਂ ਦੀ ਸੇਵਾ ਪੂਰੀ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਕਰਨਾ ਚਾਹੁੰਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ, ਡਾ.ਸੋਨਾ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਭਮ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ(ਜ) ਅਮਰਬੀਰ ਕੌਰ ਭੁੱਲਰ, ਐਸ.ਡੀ.ਐਮ.ਕਰੁਣ ਗੁਪਤਾ, ਪ੍ਰਧਾਨ ਸੁਨੀਲ ਕੁਮਾਰ ਜੈਨ ਤੋਂ ਇਲਾਵਾ ਹੋਰ ਅਹੁਦੇਦਾਰ ਤੇ ਸ਼ਰਧਾਲੂ ਵੀ ਹਾਜ਼ਰ ਸਨ।