ਵਾਤਾਵਰਨ ਸੁਰੱਖਿਆ ਨੂੰ ਜੀਵਨ ਦਾ ਮਕਸਦ ਬਣਾਉਣ ਦੀ ਲੋੜ ’ਤੇ ਜ਼ੋਰ
ਵਾਤਾਵਰਨ ਸੁਰੱਖਿਆ ਨੂੰ ਜੀਵਨ ਦਾ ਮਕਸਦ ਬਣਾਉਣ ਦੀ ਲੋੜ ’ਤੇ ਜ਼ੋਰ
Publish Date: Mon, 15 Jun 2026 05:20 PM (IST)
Updated Date: Tue, 16 Jun 2026 04:03 AM (IST)

ਵਾਤਾਵਰਨ ਸੁਰੱਖਿਆ ਨੂੰ ਜੀਵਨ ਦਾ ਮਕਸਦ ਬਣਾਉਣ ਦੀ ਲੋੜ ’ਤੇ ਜ਼ੋਰ ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਵਾਤਾਵਰਣ ਸੁਰੱਖਿਆ ਗਤੀਵਿਧੀ ਤੇ ‘ਜਾਗੋ’ ਐਨਜੀਓ ਦੇ ਸਹਿਯੋਗ ਨਾਲ ਵਾਤਾਵਰਨ ਜਾਗਰੂਕਤਾ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿੱਚ ਵਾਤਾਵਰਨ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ’ਤੇ ਮਾਹਿਰਾਂ ਅਤੇ ਸਮਾਜ ਸੇਵੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਾਤਾਵਰਨ ਦੀ ਰੱਖਿਆ ਲਈ ਸਾਂਝੇ ਯਤਨਾਂ ਦੀ ਲੋੜ ਉੱਤੇ ਜ਼ੋਰ ਦਿੱਤਾ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸੀਨੀਅਰ ਲੈਕਚਰਾਰ ਕੰਵਲਦੀਪ ਸਿੰਘ ਸੋਹੀ, ’ਜਾਗੋ’ ਐਨਜੀਓ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਹੀ, ਪ੍ਰਸਿੱਧ ਸਮਾਜ ਸੇਵੀ ਤਰਲੋਚਨ ਸਿੰਘ ਲਾਲੀ, ਰਾਜਬੀਰ ਸਿੰਘ ਗਰੇਵਾਲ, ਰਾਜੇਸ਼ ਕਾਲੜਾ ਅਤੇ ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਸ਼ਾਮਲ ਸਨ। ਮੁੱਖ ਵਕਤਾ ਵਜੋਂ ਮਾਤਾ ਗੁਜਰੀ ਕਾਲਜ ਦੀ ਪ੍ਰੋਫੈਸਰ ਹਰਵੀਰ ਕੌਰ ਨੇ ਧਰਤੀ ਹੇਠਲੇ ਪਾਣੀ ਦੀਆਂ ਪਰਤਾਂ ਬਾਰੇ ਜਾਣਕਾਰੀ ਦਿੰਦਿਆਂ ਪਾਣੀ ਦੀ ਸੰਭਾਲ ਅਤੇ ਇਸ ਨੂੰ ਪ੍ਰਦੂਸ਼ਣ-ਮੁਕਤ ਰੱਖਣ ਦੀ ਅਪੀਲ ਕੀਤੀ। ਨਗਰ ਕੌਂਸਲ ਦੀ ਨੁਮਾਇੰਦਾ ਹਰਪ੍ਰੀਤ ਕੌਰ ਨੇ ਕੂੜਾ ਪ੍ਰਬੰਧਨ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਹਰੇ ਅਤੇ ਨੀਲੇ ਡਸਟਬਿਨਾਂ ਦੀ ਵਰਤੋਂ ਕਰਕੇ ਕੂੜੇ ਦੀ ਛਾਂਟੀ ਕੀਤੀ ਜਾਵੇ ਤਾਂ ਜੋ ਉਸ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਜਾਂ ਮੁੜ ਵਰਤੋਂ ਸੰਭਵ ਹੋ ਸਕੇ। ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਨੇ ਕਿਹਾ ਕਿ ਸਮਾਜ ਨੂੰ ਆਪਣੇ ਇਤਿਹਾਸ ਅਤੇ ਗੁਰੂ ਪਰੰਪਰਾ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰੂਆਂ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਬਜਾਏ ਕੇਵਲ ਉਨ੍ਹਾਂ ਦੀਆਂ ਯਾਦਗਾਰਾਂ ਤੱਕ ਸੀਮਤ ਹੋ ਰਹੇ ਹਾਂ। ਸਮਾਜ ਸੇਵੀ ਤਰਲੋਚਨ ਸਿੰਘ ਲਾਲੀ ਨੇ ਜੀਵਨ-ਸ਼ੈਲੀ ਵਿੱਚ ਸਾਦਗੀ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਬੇਲੋੜੀ ਖਪਤ ਅਤੇ ਵਿਖਾਵਾ ਵਾਤਾਵਰਨ ਲਈ ਗੰਭੀਰ ਖ਼ਤਰਾ ਬਣ ਰਹੇ ਹਨ। ਰੁਪਿੰਦਰ ਕੌਰ ਨੇ ਬੀਜਾਂ ਅਤੇ ਕਲਮਾਂ ਰਾਹੀਂ ਪੌਦੇ ਤਿਆਰ ਕਰਨ ਅਤੇ ਲਗਾਉਣ ਦੀਆਂ ਵੱਖ-ਵੱਖ ਵਿਧੀਆਂ ਬਾਰੇ ਸਿੱਖਿਆਰਥੀਆਂ ਨੂੰ ਜਾਣਕਾਰੀ ਦਿੱਤੀ। ਐਡਵੋਕੇਟ ਸੰਦੀਪ ਕਸਿਅਪ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਨੂੰ ਵਿਅਕਤੀਗਤ ਅਤੇ ਸਮਾਜਿਕ ਜ਼ਿੰਮੇਵਾਰੀ ਵਜੋਂ ਸਵੀਕਾਰ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਕੰਵਲਦੀਪ ਸਿੰਘ ਸੋਹੀ ਨੇ ਕਿਹਾ ਕਿ ਅਸੀਂ ਵਾਤਾਵਰਨ ਦੀ ਉਸਤਤ ਕਰਨ ਦੀ ਥਾਂ ਸਿਰਫ਼ ਉਸ ਨੂੰ ਪ੍ਰਦੂਸ਼ਣ ਤੋਂ ਬਚਾਉਣ ਤੱਕ ਸੀਮਤ ਹੋ ਗਏ ਹਾਂ, ਜਦਕਿ ਲੋੜ ਵਾਤਾਵਰਨ ਪ੍ਰਤੀ ਸਤਿਕਾਰ ਅਤੇ ਸੰਭਾਲ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਹੈ। ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਵਾਤਾਵਰਨ ਦਾ ਮੁੱਦਾ ਕਿਸੇ ਇੱਕ ਸੰਸਥਾ, ਸੂਬੇ ਜਾਂ ਦੇਸ਼ ਦਾ ਏਜੰਡਾ ਨਹੀਂ ਹੈ, ਸਗੋਂ ਇਹ ਸਮੁੱਚੇ ਬ੍ਰਹਿਮੰਡ ਨਾਲ ਜੁੜਿਆ ਹੋਇਆ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਦਾ ਪ੍ਰਭਾਵ ਪੂਰੀ ਮਨੁੱਖਤਾ ਨੂੰ ਭੁਗਤਣਾ ਪੈਂਦਾ ਹੈ, ਇਸ ਲਈ ਇਸ ਦੀ ਰੱਖਿਆ ਲਈ ਵਿਸ਼ਵ ਪੱਧਰ ’ਤੇ ਸਾਂਝੇ ਯਤਨ ਲਾਜ਼ਮੀ ਹਨ। ਸਮਾਗਮ ਦੌਰਾਨ ਸਿੱਖਿਆਰਥੀ ਅਧਿਆਪਕਾਂ ਨੇ ਵਾਤਾਵਰਨ ਸੁਰੱਖਿਆ ਨਾਲ ਸਬੰਧਿਤ ਵਿਚਾਰ-ਵਟਾਂਦਰੇ ਵਿੱਚ ਸਰਗਰਮ ਭਾਗ ਲਿਆ ਅਤੇ ਵਾਤਾਵਰਨ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਲਿਆ।